
ਦੁਨੀਆ ਦੇ ਬੇਹਦ ਖੁਬਸੂਰਤ ਸ਼ਹਿਰਾਂ ਚੋਂ ਇੱਕ ਪੈਰਿਸ ਇਸ ਵੇਲੇ ਦੰਗਿਆ ਦੀ ਮਾਰ ਹੇਠ ਆ ਗਿਆ ਹੈ। ਫ਼ਰਾਂਸ 'ਚ ਪੈਟਰੋਲ ਦੀਆਂ ਕੀਮਤਾਂ ਅਤੇ.....
ਨਵੀ ਦਿੱਲੀ (ਭਾਸ਼ਾ) : ਦੁਨੀਆ ਦੇ ਬੇਹਦ ਖੁਬਸੂਰਤ ਸ਼ਹਿਰਾਂ ਚੋਂ ਇੱਕ ਪੈਰਿਸ ਇਸ ਵੇਲੇ ਦੰਗਿਆ ਦੀ ਮਾਰ ਹੇਠ ਆ ਗਿਆ ਹੈ। ਫ਼ਰਾਂਸ 'ਚ ਪੈਟਰੋਲ ਦੀਆਂ ਕੀਮਤਾਂ ਅਤੇ ਮਹਿੰਗਾਈ ਕਾਰਨ ਲੋਕ ਸੜਕਾਂ 'ਤੇ ਉੱਤਰੇ ਆਏ ਤੇ ਉਨ੍ਹਾਂ ਵਾਹਨਾਂ ਅਤੇ ਇਮਾਰਤਾਂ ਨੂੰ ਸਾੜਨਾ ਸ਼ੁਰੂ ਕਰ ਦਿੱਤਾ।ਦੇਖਦੇ ਹੀ ਦੇਖਦੇ ਇਹ ਖੁਬਸੂਰਤ ਸ਼ਹਿਰ ਅੱਗ ਦੀਆਂ ਲੱਪਟਾਂ 'ਚ ਬਲ ਉੱਠਿਆ। ਜਾਣਕਾਰੀ ਮੁਤਾਬਕ ਫਰਾਂਸ ਦੇ ਇਤਿਹਾਸ 'ਚ ਸੰਨ 1968 ਤੋਂ ਬਾਅਦ ਇਹ ਦੰਗੇ ਸਭ ਤੋਂ ਗੰਭੀਰ ਨੇ। ਫਰਾਂਸ ਦੀਆਂ ਮੌਜੂਦਾ ਪ੍ਰਸਥਿਤੀਆਂ ਦੇ ਮੱਦੇਨਜ਼ਰ ਸਰਕਾਰ ਵੱਲੋਂ ਐਮਰਜੈਂਸੀ ਲਾਗੂ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।
ਪੈਟ੍ਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ 'ਚ ਫਰਾਂਸ ਦੀ ਰਾਜਧਾਨੀ ਪੈਰਿਸ 'ਚ ਕਈ ਘੰਟਿਆਂ ਤੱਕ ਪ੍ਰਦਰਸ਼ਨ ਚੱਲਿਆ। ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪ ਹੋਈ ਜਿਸ 'ਚ 100 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਸੇ ਸਿਲਸਿਲੇ 'ਚ 400 ਤੋਂ ਵਧੇਰੇ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਫਰਾਂਸ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਨੇ ਦੱਸਿਆ ਕਿ ਇਸ ਪ੍ਰਦਰਸ਼ਨ 'ਚ ਤਕਰੀਬਨ 136,000 ਲੋਕਾਂ ਨੇ ਹਿੱਸਾ ਲਿਆ ਤੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ 'ਜਿਲੇਟਸ ਜੌਨੇਸ' ਨਾਮੀ ਜਥੇਬੰਦੀ ਦੀ ਹਿਮਾਇਤ ਹਾਸਲ ਸੀ। ਇਸ ਜਥੇਬੰਦੀ ਦੇ ਲੋਕ ਪੀਲੀਆਂ ਜਾਕਟਾਂ 'ਚ ਦਿਖਾਈ ਦਿੱਤੇ।
ਦਰਅਸਲ ਫਰਾਂਸ 'ਚ ਪੈਟ੍ਰੋਲ- ਡੀਜ਼ਲ ਦੀਆਂ ਕੀਮਤਾਂ ਪਿਛਲੇ 12 ਮਹੀਨਿਆਂ 'ਚ 23 ਫੀਸਦੀ ਤੋਂ ਵਧੇਰੇ ਹੋ ਗਈਆਂ ਨੇ।ਜਿਸ ਮੁਤਾਬਕ ਇੱਕ ਲੀਟਰ ਤੇਲ ਦੀ ਕੀਮਤ 1.71 ਡਾਲਰ ਯਾਨੀ ਕੇ ਭਾਰਤੀ ਕਰੰਸੀ ਮੁਤਾਬਕ 119 ਰੁਪਏ ਪ੍ਰਤੀ ਲੀਟਰ ਹੋ ਗਈ ਹੈ।ਸਾਲ 2000 ਤੋਂ ਬਾਅਦ ਇਹ ਸਭ ਤੋਂ ਉੱਚੀ ਕੀਮਤ ਹੈ।ਰਾਸ਼ਟਰਪਤੀ ਮੈਕਰੋਂ ਮੁਤਾਬਕ ਕੀਮਤਾਂ ਵਧਾਉਣ ਦੀ ਨੀਤੀ ਗਲੋਬਲ ਵਾਰਮਿੰਗ ਨਾਲ ਲੜਨ ਲਈ ਧਿਆਨ 'ਚ ਰੱਖ ਕੇ ਘੜੀ ਗਈ ਹੈ।ਵਿਸ਼ਵ ਪੱਧਰ 'ਤੇ ਤੇਲ ਦੀਆਂ ਕੀਮਤਾਂ 'ਚ ਉਤਰਾਅ-ਚੜਾਅ ਹੋ ਰਹੇ ਨੇ ਪਰ ਫਰਾਂਸ ਦੇ ਮਾਮਲੇ 'ਚ ਕੀਮਤਾਂ ਘਟਣ ਮਗਰੋਂ ਕਮੀ ਨਹੀਂ ਕੀਤੀ ਗਈ।