
ਹੋਸਟਲ ਨੰਬਰ 4 ਵਿਚ ਪਾਜ਼ੇਟਿਵ ਆਏ ਵਿਦਿਆਰਥੀ ਨੂੰ 2 ਜਨਵਰੀ ਤੱਕ ਕੁਆਰੰਟੀਨ ਕੀਤਾ ਗਿਆ ਹੈ।
ਚੰਡੀਗੜ੍ਹ - ਦੁਨੀਆ 'ਚ ਕੋਰੋਨਾ ਦੇ ਨਵੇਂ ਰੂਪ ਦੇ ਆਉਣ ਨਾਲ ਭਾਰਤ 'ਚ ਚਿੰਤਾ ਵਧ ਗਈ ਹੈ। ਇਸੇ ਦੌਰਾਨ ਬੁੱਧਵਾਰ ਨੂੰ ਪੰਜਾਬ ਯੂਨੀਵਰਸਿਟੀ (PU), ਚੰਡੀਗੜ੍ਹ ਦੇ ਲੜਕਿਆਂ ਦੇ ਹੋਸਟਲ ਵਿਚ ਅਮਰੀਕਾ ਤੋਂ ਪਰਤਿਆ ਇੱਕ ਵਿਦਿਆਰਥੀ ਕੋਰੋਨਾ ਪਾਜ਼ੀਟਿਵ ਆਇਆ ਹੈ। ਹੋਸਟਲ ਨੰਬਰ 4 ਵਿਚ ਪਾਜ਼ੇਟਿਵ ਆਏ ਵਿਦਿਆਰਥੀ ਨੂੰ 2 ਜਨਵਰੀ ਤੱਕ ਕੁਆਰੰਟੀਨ ਕੀਤਾ ਗਿਆ ਹੈ।
ਚੰਡੀਗੜ੍ਹ ਪ੍ਰਸ਼ਾਸਨ ਦੇ ਨੋਡਲ ਅਫ਼ਸਰ ਦੇ ਦਫ਼ਤਰ ਤੋਂ ਆਈ ਟੀਮ ਦੀਆਂ ਹਦਾਇਤਾਂ 'ਤੇ ਸੰਪਰਕ ਟਰੇਸਿੰਗ ਅਤੇ ਹੋਮ ਕੁਆਰੰਟੀਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਕੋਰੋਨਾ ਦਾ ਨਵਾਂ ਖ਼ਤਰਨਾਕ ਰੂਪ ਅਮਰੀਕਾ, ਚੀਨ, ਬ੍ਰਾਜ਼ੀਲ ਸਮੇਤ ਕਈ ਦੇਸ਼ਾਂ ਵਿਚ ਫੈਲ ਰਿਹਾ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਵੀ ਚੌਕਸ ਹੋ ਗਿਆ ਹੈ। ਚੰਡੀਗੜ੍ਹ ਦੇ ਡਾਇਰੈਕਟਰ, ਹੈਲਥ ਸਰਵਿਸਿਜ਼ ਡਾ: ਸੁਮਨ ਸਿੰਘ ਦਾ ਕਹਿਣਾ ਹੈ ਕਿ ਇਹ ਕਹਿਣਾ ਮੁਸ਼ਕਲ ਹੈ ਕਿ ਇਹ ਨਵੀਂ ਸਟ੍ਰੇਨ ਹੈ ਜਾਂ ਪੁਰਾਣੀ। ਇਹ ਜੀਨੋਮ ਸੀਕਵੈਂਸਿੰਗ 'ਤੇ ਹੀ ਪਤਾ ਲੱਗੇਗਾ।
ਜਾਣਕਾਰੀ ਮੁਤਾਬਕ ਕੋਰੋਨਾ ਪੀੜਤ ਵਿਦਿਆਰਥੀ ਭੂ-ਵਿਗਿਆਨ ਵਿਭਾਗ ਦਾ ਰਿਸਰਚ ਸਕਾਲਰ ਹੈ ਅਤੇ ਹਾਲ ਹੀ 'ਚ ਨਿਊਯਾਰਕ (ਅਮਰੀਕਾ) ਤੋਂ ਵਾਪਸ ਆਇਆ ਸੀ। ਉਹ ਅਕਾਦਮਿਕ ਕੰਮ ਲਈ ਉੱਥੇ ਗਿਆ ਸੀ। ਵਿਦਿਆਰਥੀ ਫਿਲਹਾਲ ਠੀਕ ਦੱਸਿਆ ਜਾ ਰਿਹਾ ਹੈ ਅਤੇ ਉਸ ਵਿਚ ਕੋਰੋਨਾ ਦੇ ਕੋਈ ਲੱਛਣ ਨਹੀਂ ਹਨ।
ਇਸ ਦੇ ਨਾਲ ਹੀ ਹੋਸਟਲ ਦਾ ਸਟਾਫ਼ ਉਸ ਹੋਸਟਲ ਵਿਚ ਜਿੱਥੇ ਉਹ ਠਹਿਰਿਆ ਹੋਇਆ ਸੀ, ਉਸ ਵਿਚ ਖਾਣ-ਪੀਣ ਸਮੇਤ ਹੋਰ ਚੀਜ਼ਾਂ ਦਾ ਧਿਆਨ ਰੱਖ ਰਿਹਾ ਹੈ। ਇਹ ਜਾਣਕਾਰੀ ਯੂਨੀਵਰਸਿਟੀ ਹੋਸਟਲ ਦੇ ਵਾਰਡਨ ਡਾ: ਨਵੀਨ ਕੁਮਾਰ ਨੇ ਦਿੱਤੀ। ਵਾਰਡਨ ਅਤੇ ਸਟਾਫ਼ ਵਿਦਿਆਰਥੀਆਂ ਦੇ ਲਗਾਤਾਰ ਸੰਪਰਕ ਵਿੱਚ ਹੈ। ਪੀਯੂ ਦੇ ਬਾਗਬਾਨੀ ਵਿਭਾਗ ਵੱਲੋਂ ਪੂਰੇ ਹੋਸਟਲ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਕਰ ਦਿੱਤਾ ਗਿਆ ਹੈ।