
ਟਰੰਪ ਅਤੇ ਤਾਲਿਬਾਨ ਨੇਤਾ ਦੀ ਗੱਲਬਾਤ ਤੋਂ ਕੁੱਝ ਘੰਟੇ ਬਾਅਦ ਹੋਏ ਹਮਲੇ
ਕਾਬੁਲ : ਅਫ਼ਗ਼ਾਨਿਸਤਾਨ ਵਿਚ ਮੰਗਲਵਾਰ ਦੇਰ ਰਾਤ ਨੂੰ ਅਤਿਵਾਦੀ ਸੰਗਠਨ ਤਾਲਿਬਾਨ ਦੇ ਹਮਲੇ ਵਿਚ 20 ਅਫ਼ਗਾਨ ਸੈਨਿਕ ਮਾਰੇ ਗਏ ਸਨ। ਬੁਧਵਾਰ ਨੂੰ ਸਰਕਾਰੀ ਅਧਿਕਾਰੀ ਨੇ ਏਐਫ਼ਪੀ ਨੂੰ ਇਹ ਜਾਣਕਾਰੀ ਦਿਤੀ। ਖਾਸ ਗੱਲ ਇਹ ਹੈ ਕਿ ਇਸ ਹਮਲੇ ਤੋਂ ਕੁਝ ਘੰਟੇ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਤਾਲਿਬਾਨ ਨੇਤਾ ਮੁੱਲਾ ਬਰਾਦਰ ਦਰਮਿਆਨ ਫ਼ੋਨ 'ਤੇ ਗੱਲਬਾਤ ਹੋਈ ਸੀ। ਇਸ ਵਿਚ 29 ਫ਼ਰਵਰੀ ਨੂੰ ਤਾਲਿਬਾਨ, ਅਫ਼ਗਾਨ ਸਰਕਾਰ ਅਤੇ ਅਮਰੀਕਾ ਵਿਚਾਲੇ ਸ਼ਾਂਤੀ ਸਮਝੌਤੇ ਨੂੰ ਲਾਗੂ ਕਰਨ ਬਾਰੇ ਵਿਚਾਰ ਵਟਾਂਦਰੇ ਹੋਏ।
Photo
ਇਹ ਹਮਲਾ ਕੁੰਦਜ ਪ੍ਰਾਂਤ ਦੇ ਬਾਗ-ਏ-ਸ਼ੇਰਕਤ ਮਿਲਟਰੀ ਬੇਸ ਉੱਤੇ ਹੋਇਆ। 20 ਅਫ਼ਗਾਨ ਸੈਨਿਕ ਮਾਰੇ ਗਏ। ਬੁਧਵਾਰ ਨੂੰ ਅਮਰੀਕੀ ਸੈਨਾ ਦੇ ਬੁਲਾਰੇ ਨੇ ਕਿਹਾ ਕਿ ਤਾਲਿਬਾਨ ਨੂੰ ਹਮਲੇ ਦਾ ਜਵਾਬ ਹਵਾਈ ਹਮਲੇ ਨਾਲ ਦਿਤਾ ਗਿਆ ਹੈ। ਤਾਜ਼ਾ ਘਟਨਾਕ੍ਰਮ ਨੇ ਸ਼ਾਂਤੀ ਸੌਦੇ 'ਤੇ ਸਵਾਲ ਖੜੇ ਕਰ ਦਿਤੇ ਹਨ।
Photo
ਮੰਗਲਵਾਰ ਸ਼ਾਮ ਨੂੰ ਟਰੰਪ ਅਤੇ ਬਰਾਦਰ ਦੀ ਫ਼ੋਨ 'ਤੇ ਹੋਈ ਗੱਲਬਾਤ : ਅਫ਼ਗ਼ਾਨਿਸਤਾਨ ਸਰਕਾਰ, ਅਮਰੀਕਾ ਅਤੇ ਤਾਲਿਬਾਨ ਵਿਚਾਲੇ ਹੋਏ ਸਮਝੌਤੇ 'ਤੇ ਪਹਿਲੇ ਦਿਨ ਤੋਂ ਹੀ ਸਵਾਲ ਉੱਠ ਰਹੇ ਹਨ। ਟਰੰਪ ਅਤੇ ਤਾਲਿਬਾਨੀ ਨੇਤਾ ਮੁੱਲਾ ਅਬਦੁਲ ਬਰਾਦਰ ਵਿਚਾਲੇ ਸ਼ਾਂਤੀ ਕਾਇਮ ਰਖਣ ਲਈ ਮੰਗਲਵਾਰ ਸ਼ਾਮ ਨੂੰ ਫੋਨ 'ਤੇ ਗੱਲਬਾਤ ਹੋਈ।
Photo
ਫ਼ੋਨ 'ਤੇ ਇਹ ਇਤਿਹਾਸਕ ਗੱਲਬਾਤ ਉਦੋਂ ਹੋਈ ਜਦ ਤਾਲਿਬਾਨ ਨੇ ਯੁੱਧਗ੍ਰਸਤ ਦੇਸ਼ ਵਿਚ ਜੰਗਬੰਦੀ ਨੂੰ ਖ਼ਤਮ ਕਰ ਦਿਤਾ ਜਿਸ ਨਾਲ 10 ਮਾਰਚ ਤੋਂ ਸ਼ੁਰੂ ਹੋਣ ਵਾਲੀ ਅੰਤਰ-ਅਫ਼ਗਾਨ ਵਾਰਤਾ ਨੂੰ ਲੈ ਕੇ ਖ਼ਤਰੇ ਦੇ ਬੱਦਲ ਮੰਡਰਾਉਣ ਲੱਗ ਗਏ ਹਨ। ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ, ਅਫ਼ਗਾਨ ਲੋਕਾਂ ਦੀ ਮਦਦ ਕਰਦੇ ਰਹਿਣ ਦੇ ਲਈ ਤਿਆਰ ਹਨ।
Photo
ਅਮਰੀਕਾ ਨੇ ਜਵਾਬੀ ਕਾਰਵਾਈ 'ਚ ਤਾਲਿਬਾਨ 'ਤੇ ਹਵਾਈ ਹਮਲਾ ਕੀਤਾ : ਅਮਰੀਕਾ ਨੇ ਬੁਧਵਾਰ ਨੂੰ ਤਾਲਿਬਾਨ ਦੀ ਲੜਾਕਿਆਂ 'ਤੇ ਹਵਾਈ ਹਮਲਾ ਕੀਤਾ। ਦਖਣੀ ਹੇਲਮੰਦ ਸੂਬੇ 'ਚ ਅਫ਼ਗ਼ਾਨ ਸੈਨਾ 'ਤੇ ਹੋਏ ਹਮਲੇ ਦੇ ਬਾਅਦ ਅਮਰੀਕੀ ਫ਼ੌਜ ਨੇ ਪਿਛਲੇ 11 ਦਿਨਾ 'ਚ ਪਹਿਲੀ ਵਾਰ ਕਾਰਵਾਈ ਕੀਤੀ ਹੈ। ਇਕ ਅਮਰੀਕੀ ਫ਼ੌਜ ਬੁਲਾਰੇ ਨੇ ਇਹ ਜਾਣਕਾਰੀ ਦਿਤੀ।
Photo
ਅਫ਼ਗ਼ਾਨਿਸਤਾਨ 'ਚ ਅਮਰੀਕੀ ਬਲਾਂ ਦੇ ਬੁਲਾਰੇ ਸੋਨੀ ਲੇਗੇਟ ਨੇ ਕਿਹਾ ਕਿ ਚਾਰ ਮਾਰਚ ਨੂੰ ਹੇਲਮੰਦ ਦੇ ਨਹਿਰ-ਏ-ਸਰਾਜ ਵਿਚ ਮੌਜੂਦ ਤਾਲਿਬਾਨ ਲੜਾਕਿਆਂ ਦੇ ਖ਼ਿਲਾਫ਼ ਅਮਰੀਕੀ ਫ਼ੌਜ ਨੇ ਹਵਾਈ ਹਮਲੇ ਕੀਤੇ ਜੋ ਇਕ ਜਾਂਚ ਚੌਂਕੀ ਨੂੰ ਨਿਸ਼ਾਨਾ ਬਣਾ ਰਹੇ ਸਨ। ਲੇਗੇਟ ਨੇ ਟਵੀਟ ਕੀਤਾ ਕਿ ਤਾਲਿਬਾਨ ਦੇ ਹਮਲੇ ਦੇ ਬਾਅਦ ਜਵਾਬੀ ਕਾਰਵਾਈ ਕੀਤੀ।