
2.38 ਕਰੋੜ ਬੱਚੇ ਛੱਡ ਸਕਦੇ ਹਨ ਪੜ੍ਹਾਈ
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਨੇ ਚੇਤਾਵਨੀ ਜਾਰੀ ਕਰ ਕੇ ਕਿਹਾ ਹੈ ਕਿ ਕੋਰੋਨਾ ਵਾਇਰਸ ਅਤੇ ਦੁਨੀਆਂ ਭਰ ਵਿਚ ਲੌਕਡਾਊਨ ਦੇ ਚਲਦਿਆਂ ਬੱਚਿਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ, ਜਿਸ ਦੇ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਹਨ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਕਿਹਾ ਹੈ ਕਿ ਕੋਰੋਨਾ ਦੇ ਚਲਦਿਆਂ 1.6 ਅਰਬ ਵਿਦਿਆਰਥੀਆਂ ਦੀ ਪੜ੍ਹਾਈ ਜਾਂ ਤਾ ਰੁਕ ਗਈ ਹੈ ਜਾਂ ਫਿਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
António Guterres
ਉਹਨਾਂ ਨੇ ਕਿਹਾ ਕਿ ਇਸ ਦਾ ਨਤੀਜਾ ਇਹ ਹੋਵੇਗਾ ਕਿ ਆਰਥਕ ਰੂਪ ਤੋਂ ਕਮਜ਼ੋਰ ਮਾਹੌਲ ਵਿਚ ਰਹਿ ਰਹੇ 2.38 ਕਰੋੜ ਬੱਚੇ ਅਗਲੇ ਸਾਲ ਸਕੂਲ ਦੀ ਪੜ੍ਹਾਈ ਵਿਚਕਾਰ ਹੀ ਛੱਡ ਸਕਦੇ ਹਨ। ਗੁਤਾਰੇਸ ਨੇ ਦੁਨੀਆਂ ਵਿਚ ਸਿੱਖਿਆ ਦੇ ਹਲਾਤਾਂ ਵਿਚ ਆਏ ਬਦਲਾਅ ਸਬੰਧੀ ਇਕ ਦਸਤਾਵੇਜ਼ ਜਾਰੀ ਕਰਦੇ ਹੋਏ ਕਿਹਾ ਕਿ ਕੋਵਿਡ-19 ਮਹਾਂਮਾਰੀ ਨੇ ਇਤਿਹਾਸ ਵਿਚ ਸਿੱਖਿਆ ਦੇ ਖੇਤਰ ਵਿਚ ਹੁਣ ਤੱਕ ਦੀ ਸਭ ਤੋਂ ਲੰਬੀ ਰੁਕਾਵਟ ਪੈਦਾ ਕੀਤੀ ਹੈ।
Students
ਇਸ ਦਸਤਾਵੇਜ਼ ਨੂੰ ਜਾਰੀ ਕਰਦੇ ਹੋਏ ਉਹਨਾਂ ਕਿਹਾ, ‘ਸਿੱਖਿਆ ਨਿੱਜੀ ਵਿਕਾਸ ਅਤੇ ਸਮਾਜ ਦੇ ਭਵਿੱਖ ਦੀ ਕੁੰਜੀ ਹੈ। ਇਹ ਅਵਸਰ ਪੈਦਾ ਕਰਦੀ ਹੈ ਅਤੇ ਅਸਮਾਨਤਾ ਨੂੰ ਦੂਰ ਕਰਦੀ ਹੈ’। ਉਹਨਾਂ ਨੇ ਕਿਹਾ ਕਿ ਮਹਾਂਮਾਰੀ ਦੌਰਾਨ 160 ਤੋਂ ਜ਼ਿਆਦਾ ਦੇਸ਼ਾਂ ਵਿਚ ਸਕੂਲ ਬੰਦ ਕਰ ਦਿੱਤੇ ਗਏ, ਜਿਸ ਨਾਲ ਇਕ ਅਰਬ ਤੋਂ ਜ਼ਿਆਦਾ ਵਿਦਿਆਰਥੀ ਪ੍ਰਭਾਵਿਤ ਹੋਏ ਅਤੇ ਦੁਨੀਆਂ ਭਰ ਵਿਚ ਘੱਟੋ ਘੱਟ ਚਾਰ ਕਰੋੜ ਬੱਚੇ ਅਪਣੇ ਸਕੂਲ ਦੇ ਸ਼ੁਰੂਆਤੀ ਸਮੇਂ ਵਿਚ ਹੀ ਸਿੱਖਿਆ ਪ੍ਰਾਪਤ ਨਹੀਂ ਕਰ ਸਕੇ।
Students
ਗੁਤਾਰੇਸ ਅਨੁਸਾਰ ਮਹਾਂਮਾਰੀ ਨੇ ਸਿੱਖਿਆ ਵਿਚ ਅਸਮਾਨਤਾ ਨੂੰ ਵਧਾਇਆ ਹੈ ਅਤੇ ਲੰਬੇ ਸਮੇਂ ਤੱਕ ਸਕੂਲਾਂ ਦੇ ਬੰਦ ਰਹਿਣ ਨਾਲ ਪੜ੍ਹਾਈ ਨੂੰ ਹੋਏ ਨੁਕਸਾਨ ਨਾਲ ਪਿਛਲੇ ਕੁਝ ਦਹਾਕਿਆਂ ਵਿਚ ਹੋਇਆ ਵਿਕਾਸ ਬੇਕਾਰ ਹੋਣ ਦਾ ਖਤਰਾ ਹੈ। ਯੂਐਨ ਮੁਖੀ ਨੇ ਕਿਹ ਕਿ ਦੁਨੀਆਂ ਪਹਿਲਾਂ ਹੀ ਸਿੱਖਿਆ ਸੰਕਟ ਨਾਲ ਜੂਝ ਰਹੀ ਹੈ। ਮਹਾਂਮਾਰੀ ਤੋਂ ਪਹਿਲਾਂ ਵੀ 25 ਕਰੋੜ ਤੋਂ ਜ਼ਿਆਦਾ ਬੱਚੇ ਸਕੂਲ ਨਹੀਂ ਜਾ ਪਾ ਰਹੇ ਸੀ।