
ਪਾਕਿਸਤਾਨ ਵਿਚ ਨਵੇਂ ਰਾਸ਼ਟਰਪਤੀ ਦੀ ਚੋਣ ਅੱਜ ਹੋਵੇਗੀ..........
ਇਸਲਾਮਾਬਾਦ : ਪਾਕਿਸਤਾਨ ਵਿਚ ਨਵੇਂ ਰਾਸ਼ਟਰਪਤੀ ਦੀ ਚੋਣ ਅੱਜ ਹੋਵੇਗੀ। ਇਸ ਚੋਣ ਵਿਚ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਉਮੀਦਵਾਰ ਆਰਿਫ ਅਲਵੀ ਦੇ ਜਿੱਤਣ ਦੀ ਸੰਭਾਵਨਾ ਹੈ ਕਿਉਂਕਿ ਵਿਰੋਧੀ ਧਿਰ ਜੁਆਇੰਟ ਉਮੀਦਵਾਰ ਉਤਾਰਨ ਵਿਚ ਅਸਫਲ ਰਿਹਾ ਹੈ। ਪਾਕਿਸਤਾਨ ਚੋਣ ਕਮਿਸ਼ਨ (ਈ.ਸੀ.ਪੀ.) ਨੇ ਚੋਣ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਨੈਸ਼ਨਲ ਅਸੈਂਬਲੀ ਸਮੇਤ ਚਾਰੇ ਸੂਬਾਈ ਅਸੈਂਬਲੀਆਂ ਵਿਚ ਵੋਟਿੰਗ ਕੇਂਦਰ ਬਣਾਏ ਗਏ ਹਨ। ਮੁੱਖ ਚੋਣ ਕਮਿਸ਼ਨਰ ਸਰਦਾਰ ਰਜ਼ਾ ਖਾਨ ਚੋਣ ਅਧਿਕਾਰੀ ਹੋਣਗੇ।
ਬਾਹਰ ਜਾਣ ਵਾਲੇ ਰਾਸ਼ਟਰਪਤੀ ਮਮਨੂਨ ਹੁਸੈਨ ਦਾ ਕਾਰਜਕਾਲ 8 ਸਤੰਬਰ ਨੂੰ ਖਤਮ ਹੋ ਰਿਹਾ ਹੈ। ਉਨ੍ਹਾਂ ਨੇ 5 ਸਾਲ ਦੇ ਦੂਜੇ ਕਾਰਜਕਾਲ ਲਈ ਮੁੜ ਚੋਣ ਲੜਨ ਤੋਂ ਮਨਾ ਕਰ ਦਿਤਾ ਹੈ। ਤਿੰਨ ਉਮੀਦਵਾਰ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਆਰਿਫ ਅਲਵੀ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੌਧਰੀ ਏਤਜਾਜ਼ ਅਹਿਸਨ ਅਤੇ ਜ਼ਮੀਅਤ-ਏ-ਉਲੇਮਾ ਦੇ ਮੁਖੀ ਮੌਲਾਨਾ ਫਜ਼ਲ ਉਰ ਰਹਿਮਾਨ ਮੁਕਾਬਲੇ ਵਿਚ ਹਨ।
ਆਰਿਫ ਅਲਵੀ ਪਹਿਲਾਂ ਕਰਾਚੀ ਵਿਚ ਦੰਦਾਂ ਦੇ ਡਾਕਟਰ ਵਜੋਂ ਕੰਮ ਕਰਦੇ ਸਨ। ਪਾਕਿਸਤਾਨ ਪੀਪਲਜ਼ ਪਾਰਟੀ ਨੇ ਬੀਤੇ ਮਹੀਨੇ ਸੀਨੀਅਰ ਨੇਤਾ ਅਹਿਸਨ ਨੂੰ ਉਮੀਦਵਾਰ ਨਾਮਜ਼ਦ ਕੀਤਾ ਸੀ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਅਤੇ ਮੁਤਾਹਿਦਾ ਮਜਲਿਸ-ਏ-ਅਮਲ ਸਮੇਤ ਹੋਰ ਵਿਰੋਧੀ ਦਲਾਂ ਨੇ ਇਸ ਕਦਮ ਦਾ ਵਿਰੋਧ ਕੀਤਾ। (ਏਜੰਸੀ)