
ਪਾਕਿਸਤਾਨ 'ਚ ਅਗਵਾ ਕਰ ਕੇ ਮੁਸਲਮਾਨ ਬਣਾਈ ਗਈ ਸਿੱਖ ਲੜਕੀ ਨੂੰ ਉਸ ਦੇ ਪਰਿਵਾਰ...
ਇਲਾਮਾਬਾਦ: ਪਾਕਿਸਤਾਨ 'ਚ ਅਗਵਾ ਕਰ ਕੇ ਮੁਸਲਮਾਨ ਬਣਾਈ ਗਈ ਸਿੱਖ ਲੜਕੀ ਨੂੰ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ। ਉਸ ਨੂੰ ਸਰਕਾਰ ਦੇ ਉੱਚ-ਪੱਧਰੀ ਵਫ਼ਦ ਅਤੇ ਸਿੱਖ ਭਾਈਚਾਰੇ ਦੀ 30 ਮੈਂਬਰੀ ਕਮੇਟੀ ਦਰਮਿਆਨ ਹੋਏ ਸਮਝੌਤੇ ਤੋਂ ਬਾਅਦ ਪਰਿਵਾਰ ਨੂੰ ਸੌਂਪਿਆ ਗਿਆ। ਇਸ ਤਰ੍ਹਾਂ ਪਿਛਲੇ ਪੰਜ ਦਿਨਾਂ ਤੋਂ ਚੱਲ ਰਿਹਾ ਵਿਵਾਦ ਖ਼ਤਮ ਹੋ ਗਿਆ ਹੈ। ਇਹ ਜਾਣਕਾਰੀ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਸਰਵਰ ਨੇ ਦਿੱਤੀ।
ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਲੜਕੀ ਨੂੰ ਉਸ ਦੇ ਘਰ ਵਾਪਸ ਛੱਡਣ 'ਤੇ ਸੰਤੁਸ਼ਟੀ ਪ੍ਰਗਟਾਈ ਅਤੇ ਪਾਕਿਸਤਾਨ ਦੀ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਰੋਕਣ ਲਈ ਕਾਰਗਰ ਕਦਮ ਉਠਾਉਣ ਲਈ ਕਿਹਾ ਹੈ। ਆਪਣੇ ਸਰਕਾਰੀ ਅਕਾਊਂਟ ਤੋਂ ਕੀਤੇ ਟਵੀਟ 'ਚ ਸਰਵਰ ਨੇ ਕਿਹਾ ਕਿ ਮਾਮਲੇ ਦਾ ਸ਼ਾਂਤੀ ਨਾਲ ਹੱਲ ਕਰ ਲਿਆ ਗਿਆ ਹੈ। ਉਨ੍ਹਾਂ ਜਗਜੀਤ ਕੌਰ ਅਤੇ ਜਿਸ ਨੌਜਵਾਨ ਨਾਲ ਉਸ ਦਾ ਨਿਕਾਹ ਪੜ੍ਹਵਾਇਆ ਗਿਆ ਸੀ, ਦੇ ਪਰਿਵਾਰਾਂ ਦਾ ਧੰਨਵਾਦ ਕੀਤਾ ਜਿਹੜੇ ਇਸ ਮਾਮਲੇ ਦੇ ਹੱਲ ਲਈ ਗਵਰਨਰ ਹਾਊਸ ਪੁੱਜੇ ਸਨ।
Sikh girl who was allegedly forced to convert to Islam refuses
ਗਵਰਨਰ ਨੇ ਟਵੀਟ ਕੀਤਾ, ਪਾਕਿਸਤਾਨ ਤੇ ਦੁਨੀਆ ਭਰ 'ਚ ਬੈਠੇ ਸਿੱਖ ਭਾਈਚਾਰੇ ਦੇ ਲੋਕਾਂ ਲਈ ਵੱਡੀ ਖ਼ਬਰ ਹੈ। ਨਨਕਾਣਾ ਸਾਹਿਬ ਦੀ ਲੜਕੀ ਦੇ ਮਸਲੇ ਨੂੰ ਸ਼ਾਂਤੀਪੂਰਵਕ ਢੰਗ ਨਾਲ ਹੱਲ ਕਰ ਲਿਆ ਗਿਆ ਹੈ। ਲੜਕੀ ਆਪਣੇ ਪਰਿਵਾਰ ਨਾਲ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਅਸੀਂ ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ ਯਕੀਨੀ ਬਣਾਵਾਂਗੇ। ਇਕ ਵੀਡੀਓ 'ਚ ਸਰਵਰ ਨੇ ਕਿਹਾ ਕਿ ਜਗਜੀਤ ਕੌਰ ਨਾਲ ਜ਼ਬਰਦਸਤੀ ਨਿਕਾਹ ਕਰਨ ਵਾਲੇ ਨੌਜਵਾਨ ਦੇ ਪਿਤਾ ਨੇ ਕਿਹਾ ਹੈ ਕਿ ਉਹ ਲੜਕੀ ਨੂੰ ਲੈਣ ਲਈ ਕਿਸੇ ਵੀ ਅਦਾਲਤ 'ਚ ਨਹੀਂ ਜਾਣਗੇ। ਜੇਕਰ ਉਹ ਆਪਣੇ ਪਰਿਵਾਰ ਕੋਲ ਜਾਣਾ ਚਾਹੁੰਦੀ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ।
ਉਹ ਉਸ ਦੇ ਮਾਤਾ-ਪਿਤਾ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਇਸ ਐਲਾਨ ਨਾਲ ਕਾਫ਼ੀ ਰਾਹਤ ਮਿਲੀ ਕਿ ਉਨ੍ਹਾਂ ਸਿੱਖ ਲੜਕੀ ਨੂੰ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਹੈ ਜਿਸ ਨੂੰ ਅਗਵਾ ਕਰ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਰਾਹਤ ਵਾਲੀ ਖ਼ਬਰ ਹੈ ਕਿ ਜਗਜੀਤ ਕੌਰ ਨਨਕਾਣਾ ਸਾਹਿਬ 'ਚ ਆਪਣੇ ਪਰਿਵਾਰ ਕੋਲ ਵਾਪਸ ਪਰਤ ਰਹੀ ਹੈ। ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਜਗਜੀਤ ਕੌਰ ਨੂੰ ਆਪਣੀ ਆਵਾਜ਼ ਦਿੱਤੀ ਅਤੇ ਯਕੀਨੀ ਬਣਾਇਆ ਕਿ ਸਾਡੀ ਧੀ ਨਾਲ ਜੋ ਗ਼ਲਤ ਹੋਇਆ ਹੈ, ਉਸ ਨੂੰ ਸੁਧਾਰਿਆ ਜਾਵੇ।