
ਜ਼ੈਲੇਂਸਕੀ ਨੇ ਡੋਨਾਲਡ ਟਰੰਪ ਨਾਲ ਬਹਿਸ 'ਤੇ ਕੀਤਾ ਅਫ਼ਸੋਸ ਪ੍ਰਗਟ
Ready to work with Trump Volodymyr Zelenskyy News in punjabi : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਓਵਲ ਆਫ਼ਿਸ ਵਿਚ ਹੋਇਆ ਝਗੜਾ ਬਹੁਤ ਹੀ 'ਅਫ਼ਸੋਸਜਨਕ' ਸੀ ਅਤੇ ਹੁਣ ਇਹ ਚੀਜ਼ਾਂ ਨੂੰ ਠੀਕ ਕਰਨ ਦਾ ਸਮਾਂ ਹੈ। ਜ਼ੈਲੇਂਸਕੀ ਦੀਆਂ ਟਿੱਪਣੀਆਂ ਵ੍ਹਾਈਟ ਹਾਊਸ ਵੱਲੋਂ ਯੂਕਰੇਨ ਨੂੰ ਮਿਲਟਰੀ ਸਹਾਇਤਾ ਰੋਕਣ ਦੇ ਐਲਾਨ ਤੋਂ ਕੁਝ ਘੰਟੇ ਬਾਅਦ ਆਈਆਂ।
ਜ਼ੈਲੇਂਸਕੀ ਨੇ ਐਕਸ 'ਤੇ ਪੋਸਟ ਕਰਦਿਆਂ ਕਿਹਾ ਕਿ ਵਾਸ਼ਿੰਗਟਨ ਵਿੱਚ ਵ੍ਹਾਈਟ ਹਾਊਸ ਵਿੱਚ ਸਾਡੀ ਮੀਟਿੰਗ ਉਸ ਤਰੀਕੇ ਨਾਲ ਨਹੀਂ ਹੋਈ ਜਿਸ ਤਰ੍ਹਾਂ ਹੋਣੀ ਚਾਹੀਦੀ ਸੀ। ਹੁਣ ਸਾਡੇ ਲਈ ਸਭ ਕੁਝ ਠੀਕ ਕਰਨ ਦਾ ਸਮਾਂ ਆ ਗਿਆ ਹੈ। ਅਸੀਂ ਚਾਹੁੰਦੇ ਹਾਂ ਕਿ ਭਵਿੱਖ ਵਿੱਚ ਸਹਿਯੋਗ ਅਤੇ ਗੱਲਬਾਤ ਉਸਾਰੂ ਹੋਵੇ। ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਯੂਕਰੇਨ ਆਪਣੇ ਦੁਰਲੱਭ ਖਣਿਜਾਂ 'ਤੇ ਸਮਝੌਤੇ 'ਤੇ ਦਸਤਖ਼ਤ ਕਰਨ ਲਈ ਤਿਆਰ ਹਨ, ਜਿਸ ਦੀ ਟਰੰਪ ਪ੍ਰਸ਼ਾਸਨ ਨੇ ਮੰਗ ਕੀਤੀ ਸੀ।
ਉਨ੍ਹਾਂ ਨੇ ਕਿਹਾ ਕਿ ਖਣਿਜ ਅਤੇ ਸੁਰੱਖਿਆ 'ਤੇ ਸਮਝੌਤੇ ਦੇ ਸਬੰਧ ਵਿੱਚ, ਯੂਕਰੇਨ ਕਿਸੇ ਵੀ ਸਮੇਂ ਅਤੇ ਕਿਸੇ ਵੀ ਸੁਵਿਧਾਜਨਕ ਫਾਰਮੈਟ ਵਿੱਚ ਇਸ 'ਤੇ ਹਸਤਾਖ਼ਰ ਕਰਨ ਲਈ ਤਿਆਰ ਹਨ। ਇਸ ਸਮਝੌਤੇ ਨੂੰ ਵਧੇਰੇ ਸੁਰੱਖਿਆ ਅਤੇ ਠੋਸ ਸੁਰੱਖਿਆ ਗਾਰੰਟੀ ਦੇ ਰੂਪ ਵਿੱਚ ਦੇਖਦੇ ਹਾਂ। ਮੈਨੂੰ ਸੱਚਮੁੱਚ ਉਮੀਦ ਹੈ ਕਿ ਇਹ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗਾ।
ਉਨ੍ਹਾਂ ਨੇ ਕਿਹਾ ਕਿ ਉਹ ਯੂਕਰੇਨੀ ਸ਼ਾਂਤੀ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਨਾ ਚਾਹੁੰਦਾ ਹੈ। ਕੋਈ ਵੀ ਕਦੇ ਨਾ ਖ਼ਤਮ ਹੋਣ ਵਾਲੀ ਜੰਗ ਨਹੀਂ ਚਾਹੁੰਦਾ। ਯੂਕਰੇਨ ਜਲਦੀ ਤੋਂ ਜਲਦੀ ਸ਼ਾਂਤੀ ਲਈ ਗੱਲਬਾਤ ਕਰਨ ਲਈ ਤਿਆਰ ਹੈ। ਰਾਸ਼ਟਰਪਤੀ ਜ਼ੈਲੇਂਸਕੀ ਨੇ ਕਿਹਾ, "ਯੂਕਰੇਨ ਦੇ ਲੋਕਾਂ ਤੋਂ ਵੱਧ ਕੋਈ ਵੀ ਸ਼ਾਂਤੀ ਨਹੀਂ ਚਾਹੁੰਦਾ ਹੈ। ਮੈਂ ਅਤੇ ਮੇਰੀ ਟੀਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮਜ਼ਬੂਤ ਅਗਵਾਈ ਵਿੱਚ ਸਥਾਈ ਸ਼ਾਂਤੀ ਲਈ ਕੰਮ ਕਰਨ ਲਈ ਤਿਆਰ ਹਾਂ।"
ਉਨ੍ਹਾਂ ਕਿਹਾ ਕਿ ਯੂਕਰੇਨ ਜੰਗ ਖ਼ਤਮ ਕਰਨ ਲਈ ਜਲਦੀ ਕਾਰਵਾਈ ਕਰਨ ਲਈ ਤਿਆਰ ਹੈ।