
ਦੇਸ਼ ’ਚ ‘ਮਾਰਸ਼ਲ ਲਾਅ’ ਲਾਉਣ ’ਤੇ ਅਦਾਲਤ ਨੇ ਦਿੱਤਾ ਫ਼ੈਸਲਾ
South Korean President Yun Suk-yeol removed from office : ਦੱਖਣ ਕੋਰੀਆ ਦੀ ਸੰਵਿਧਾਨਕ ਅਦਾਲਤ ਨੇ ਸ਼ੁਕਰਵਾਰ ਨੂੰ ਦੇਸ਼ ਦੇ ਰਾਸ਼ਟਰਪਤੀ ਯੂਨ ਸੁਕ ਯੇਓਲ ਨੂੰ ‘ਮਾਰਸ਼ਲ ਲਾਅ’ ਲਗਾਉਣ ਕਾਰਨ ਅਹੁਦੇ ਤੋਂ ਹਟਾਉਣ ਦਾ ਫ਼ੈਸਲਾ ਸੁਣਾਇਆ। ਅਦਾਲਤ ਦੇ ਇਸ ਫ਼ੈਸਲੇ ਤੋਂ ਬਾਅਦ ਯੂਨ ਨੇ ਜਨਤਾ ਤੋਂ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਨਾ ਉਤਰਨ ਲਈ ਮੁਆਫ਼ੀ ਮੰਗੀ ਹੈ।
ਯੂਨ ਵਿਰੁਧ ਇਹ ਕਾਰਵਾਈ ਇਸ ਲਈ ਕੀਤੀ ਗਈ ਹੈ ਕਿਉਂਕਿ ਚਾਰ ਮਹੀਨੇ ਪਹਿਲਾਂ ਉਸ ਨੇ ਦੇਸ਼ ਵਿਚ ‘ਮਾਰਸ਼ਲ ਲਾਅ’ ਦਾ ਐਲਾਨ ਕਰ ਕੇ ਅਤੇ ਫ਼ੌਜ ਨੂੰ ਸੰਸਦ ਵਿਚ ਭੇਜ ਕੇ ਦੇਸ਼ ਦੀ ਸਿਆਸਤ ਵਿਚ ਤੂਫ਼ਾਨ ਖੜਾ ਕਰ ਦਿਤਾ ਸੀ। ਦੱਖਣ ਕੋਰੀਆ ਨੂੰ ਹੁਣ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਦੋ ਮਹੀਨਿਆਂ ਦੇ ਅੰਦਰ ਚੋਣਾਂ ਕਰਵਾਉਣੀਆਂ ਪੈਣਗੀਆਂ।
ਪੋਲ ਦਰਸਾਉਂਦੇ ਹਨ ਕਿ ਮੁੱਖ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਲੀ ਜੇ-ਮਯੁੰਗ ਅਗਲੇ ਰਾਸ਼ਟਰਪਤੀ ਬਣ ਸਕਦੇ ਹਨ। ਅਦਾਲਤ ਦੇ ਫ਼ੈਸਲੇ ਤੋਂ ਬਾਅਦ ਪੁਰਾਣੇ ਸ਼ਾਹੀ ਮਹਿਲ ਨੇੜੇ ਯੂਨ ਵਿਰੁਧ ਰੈਲੀ ਕਰ ਰਹੇ ਲੋਕ ਖ਼ੁਸ਼ੀ ਨਾਲ ਨੱਚਣ ਲੱਗੇ। ਯੂਨ ਦੇ ਮਾਰਸ਼ਲ ਲਾਅ ਦੇ ਐਲਾਨ ਅਤੇ ਉਸ ਤੋਂ ਬਾਅਦ ਉਸ ਦੇ ਮਹਾਦੋਸ਼ ਕਾਰਨ ਦੇਸ਼ ਦੀ ਰਾਜਨੀਤੀ ਵਿਚ ਉਥਲ-ਪੁਥਲ ਮਚ ਗਈ ਸੀ। ਰਾਸ਼ਟਰਪਤੀ ਦੇ ਇਸ ਫ਼ੈਸਲੇ ਤੋਂ ਲੋਕ ਹੈਰਾਨ ਹਨ ਅਤੇ ਇਸ ਫ਼ੈਸਲੇ ਵਿਰੁਧ ਸੜਕਾਂ ’ਤੇ ਉਤਰ ਆਏ ਹਨ।
ਫ਼ੈਸਲਾ ਸੁਣਾਉਂਦੇ ਹੋਏ, ਕਾਰਜਕਾਰੀ ਅਦਾਲਤ ਦੇ ਮੁਖੀ ਮੂਨ ਹਿਊਂਗ-ਬੇ ਨੇ ਕਿਹਾ ਕਿ ਅੱਠ ਮੈਂਬਰੀ ਬੈਂਚ ਨੇ ਯੂਨ ਵਿਰੁਧ ਮਹਾਂਦੋਸ਼ ਦੇ ਦੋਸ਼ਾਂ ਨੂੰ ਬਰਕਰਾਰ ਰਖਿਆ ਹੈ ਕਿਉਂਕਿ ਉਸ ਦੇ ਮਾਰਸ਼ਲ ਲਾਅ ਆਰਡਰ ਨੇ ਸੰਵਿਧਾਨ ਅਤੇ ਹੋਰ ਕਾਨੂੰਨਾਂ ਦੀ ਗੰਭੀਰ ਉਲੰਘਣਾ ਕੀਤੀ ਹੈ। ਇਹ ਅਦਾਲਤੀ ਕਾਰਵਾਈ ਟੈਲੀਵਿਜ਼ਨ ’ਤੇ ਪ੍ਰਸਾਰਤ ਕੀਤੀ ਗਈ ਸੀ।
ਜਸਟਿਸ ਮੂਨ ਨੇ ਕਿਹਾ,“ਮੁਦਾਇਕਾਂ ਨੇ ਨਾ ਸਿਰਫ਼ ‘ਮਾਰਸ਼ਲ ਲਾਅ’ ਦਾ ਐਲਾਨ ਕੀਤਾ ਬਲਕਿ ਵਿਧਾਨਿਕ ਅਧਿਕਾਰਾਂ ਦੀ ਵਰਤੋਂ ਵਿਚ ਰੁਕਾਵਟ ਪਾਉਣ ਲਈ ਫ਼ੌਜ ਅਤੇ ਪੁਲਿਸ ਬਲਾਂ ਨੂੰ ਲਾਮਬੰਦ ਕਰ ਕੇ ਸੰਵਿਧਾਨ ਅਤੇ ਕਾਨੂੰਨਾਂ ਦੀ ਵੀ ਉਲੰਘਣਾ ਕੀਤੀ।’’ ਉਨ੍ਹਾਂ ਕਿਹਾ,‘‘ਸੰਵਿਧਾਨਕ ਆਦੇਸ਼ ’ਤੇ ਗੰਭੀਰ ਨਕਾਰਾਤਮਕ ਪ੍ਰਭਾਵ ਅਤੇ ਬਚਾਅ ਪੱਖ ਦੀਆਂ ਉਲੰਘਣਾਵਾਂ ਦੇ ਵਿਆਪਕ ਪ੍ਰਭਾਵ ਨੂੰ ਦੇਖਦੇ ਹੋਏ, ਸਾਡਾ ਮੰਨਣਾ ਹੈ ਕਿ ਬਚਾਓ ਪੱਖ ਨੂੰ ਹਟਾ ਕੇ ਸੰਵਿਧਾਨ ਨੂੰ ਸੁਰੱਖਿਅਤ ਰੱਖਣ ਦੇ ਲਾਭ, ਰਾਸ਼ਟਰਪਤੀ ਨੂੰ ਹਟਾਉਣ ਦੇ ਨਤੀਜੇ ਵਜੋਂ ਹੋਣ ਵਾਲੇ ਰਾਸ਼ਟਰੀ ਨੁਕਸਾਨ ਤੋਂ ਵੱਧ ਹਨ।’’
ਇਸ ਤੋਂ ਬਾਅਦ ਯੂਨ ਨੇ ਇਕ ਬਿਆਨ ’ਚ ਕਿਹਾ ਕਿ ਉਨ੍ਹਾਂ ਨੂੰ ਜਨਤਾ ਦੀਆਂ ਉਮੀਦਾਂ ’ਤੇ ਖਰਾ ਨਾ ਉਤਰਨ ’ਤੇ ਅਫ਼ਸੋਸ ਹੈ। ਉਨ੍ਹਾਂ ਕਿਹਾ ਕਿ ਉਹ ਦੇਸ਼ ਅਤੇ ਇਸ ਦੇ ਲੋਕਾਂ ਲਈ ਪ੍ਰਾਰਥਨਾ ਕਰਨਗੇ। ਯੂਨ ਨੇ ਕਿਹਾ,“ਕੋਰੀਆ ਗਣਰਾਜ ਲਈ ਕੰਮ ਕਰਨਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ।’’