
ਭਾਰਤ ਨੇ ਪਾਕਿਸਤਾਨ ਨੂੰ ਚਿੱਠੀ ਲਿਖ ਕੇ ਨਾਰਾਜ਼ਗੀ ਪ੍ਰਗਟਾਈ ਅਤੇ ਇਸ 'ਤੇ ਸਪਸ਼ਟੀਕਰਨ ਵੀ ਮੰਗਿਆ
ਇਸਲਾਮਾਬਾਦ : ਪਾਕਿਸਤਾਨ 'ਚ ਦੋ ਭਾਰਤੀ ਸਫ਼ੀਰਾਂ ਨੂੰ ਕਮਰੇ 'ਚ ਬੰਦ ਕਰ ਕੇ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਸਫ਼ੀਰਾਂ ਨੂੰ ਨਾ ਸਿਰਫ਼ 15 ਮਿੰਟ ਤਕ ਕਮਰੇ 'ਚ ਬੰਦ ਰੱਖਿਆ ਗਿਆ, ਸਗੋਂ ਪਾਕਿਸਤਾਨੀ ਖੁਫ਼ੀਆ ਏਜੰਸੀ ਦੇ ਅਧਿਕਾਰੀਆਂ ਨੇ ਇਨ੍ਹਾਂ ਦੀ ਤਲਾਸ਼ੀ ਵੀ ਲਈ। ਫਿਲਹਾਲ ਭਾਰਤ ਨੇ ਪਾਕਿਸਤਾਨ ਨੂੰ ਚਿੱਠੀ ਲਿਖ ਕੇ ਨਾਰਾਜ਼ਗੀ ਪ੍ਰਗਟਾਈ ਹੈ ਅਤੇ ਇਸ 'ਤੇ ਸਪਸ਼ਟੀਕਰਨ ਵੀ ਮੰਗਿਆ ਹੈ।
Pakistan flag
ਮਿਲੀ ਜਾਣਕਾਰੀ ਮੁਤਾਬਕ ਬੀਤੀ 17 ਮਈ ਨੂੰ ਲਾਹੌਰ ਨੇੜੇ ਸੱਚਾ ਸੌਦਾ ਗੁਰਦੁਆਰੇ 'ਚ 2 ਭਾਰਤੀ ਸਫ਼ੀਰਾਂ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਜ਼ਬਰਦਸਤੀ ਇਕ ਕਮਰੇ 'ਚ ਬੰਦ ਕਰ ਦਿੱਤਾ। ਇਨ੍ਹਾਂ ਪਾਕਿਸਤਾਨੀ ਅਧਿਕਾਰੀਆਂ ਨੇ ਨਾ ਸਿਰਫ਼ ਭਾਰਤੀ ਸਫ਼ੀਰਾਂ ਨੂੰ ਬੰਦ ਕੀਤਾ, ਸਗੋਂ ਇਨ੍ਹਾਂ ਦੀ ਤਲਾਸ਼ੀ ਵੀ ਲਈ ਅਤੇ ਉਨ੍ਹਾਂ ਨੂੰ ਧਮਕੀ ਵੀ ਦਿੱਤੀ। ਸੂਤਰਾਂ ਮੁਤਾਬਕ ਪਾਕਿ ਖੁਫ਼ੀਆ ਏਜੰਸੀ ਦੇ ਲਗਭਗ 15 ਸੁਰੱਖਿਆ ਮੁਲਾਜ਼ਮਾਂ ਨੇ ਕੁਝ ਅਧਿਕਾਰੀਆਂ ਨਾਲ ਇਸ ਹਰਕਤ ਨੂੰ ਅੰਜਾਮ ਦਿੱਤਾ ਸੀ।
India-Pakistan
ਫ਼ਿਲਹਾਲ ਭਾਰਤ ਨੇ ਪਾਕਿਸਤਾਨ ਸਥਿਤ ਭਾਰਤੀ ਸਫ਼ਾਰਤਖ਼ਾਨੇ ਦੀ ਸੁਰੱਖਿਆ ਨੂੰ ਲੈ ਕੇ ਇਕ ਚਿੱਠੀ ਭੇਜੀ ਹੈ। ਸਫ਼ੀਰਾਂ ਨਾਲ ਬਦਸਲੂਕੀ ਅਤੇ ਉਨ੍ਹਾਂ ਦੀ ਸੁਰੱਖਿਆ 'ਚ ਵਰਤੀ ਲਾਪਰਵਾਹੀ 'ਤੇ ਭਾਰਤ ਨੇ ਬਹੁਤ ਸਖ਼ਤ ਪ੍ਰਕਿਰਿਆ ਦਿੱਤੀ ਹੈ। ਭਾਰਤ ਨੇ ਸਖ਼ਤ ਸ਼ਬਦਾਂ 'ਚ ਆਪਣੀ ਨਾਰਾਜ਼ਗੀ ਪ੍ਰਗਟਾਉਂਦਿਆਂ ਸਫ਼ੀਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਾਹਰ ਕੀਤੀ ਹੈ ਅਤੇ ਸਪਸ਼ਟੀਕਰਨ ਮੰਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ ਸਫ਼ੀਰ ਭਾਰਤ ਤੋਂ ਆਉਣ ਵਾਲੇ ਤੀਰਥ ਯਾਤਰੀਆਂ ਦੀ ਸੁਵਿਧਾ ਲਈ ਗੁਰਦੁਆਰੇ ਦੇ ਦੌਰੇ 'ਤੇ ਗਏ ਸਨ।