
ਇਸ ਮਾਮਲੇ ਨੂੰ ਲੈ ਕੇ ਵਾਸ਼ਿੰਗਟਨ ਪੁਲਿਸ ਅਤੇ ਵ੍ਹਾਈਟ ਹਾਊਸ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ
White House Car Accident : ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ (America’s capital Washington) ਸਥਿਤ ਵ੍ਹਾਈਟ ਹਾਊਸ ਦੇ ਬਾਹਰੀ ਗੇਟ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ ਹੈ। ਇਹ ਮਾਮਲਾ ਸ਼ਨੀਵਾਰ ਰਾਤ ਕਰੀਬ 10.30 ਵਜੇ ਦਾ ਹੈ। ਟੱਕਰ ਲੱਗਦੇ ਹੀ ਇਮਾਰਤ ਦੀ ਸੁਰੱਖਿਆ 'ਚ ਤਾਇਨਾਤ ਮੁਲਾਜ਼ਮਾਂ ਦੇ ਹੋਸ਼ ਉੱਡ ਗਏ।
ਇਹ ਵੀ ਪੜੋ : ਸ਼ੁਭਕਰਨ ਦੀ ਮੌਤ ਦੀ ਜਾਂਚ ਲਈ ਕਮੇਟੀ ਭਲਕੇ ਚੰਡੀਗੜ੍ਹ ਵਿਖੇ ਕਿਸਾਨਾਂ ਦੇ ਬਿਆਨ ਦਰਜ ਕਰੇਗੀ
ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟੱਕਰ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਇਸ ਮਾਮਲੇ ਨੂੰ ਲੈ ਕੇ ਵਾਸ਼ਿੰਗਟਨ ਪੁਲਿਸ ਅਤੇ ਵ੍ਹਾਈਟ ਹਾਊਸ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਇਹ ਸੁਰੱਖਿਆ 'ਚ ਚੂਕ ਸੀ ਜਾਂ ਹਾਦਸਾ ,ਇਸ ਬਾਰੇ ਕੁੱਝ ਵੀ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ। ਵ੍ਹਾਈਟ ਹਾਊਸ ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫ਼ਤਰ ਹੈ।
ਇਹ ਵੀ ਪੜੋ : ਨਿੱਝਰ ਕਤਲ ਮਾਮਲੇ 'ਚ ਸ਼ਾਮਲ ਕਰਨਪ੍ਰੀਤ ਸਿੰਘ ਦੀ ਗ੍ਰਿਫਤਾਰੀ ਤੋਂ ਪਿੰਡ ਵਾਸੀ ਹੈਰਾਨ
ਟੱਕਰ ਤੋਂ ਬਾਅਦ ਗੇਟ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਅਮਰੀਕੀ ਖੁਫੀਆ ਏਜੰਸੀ ਵੱਲੋਂ ਦੱਸਿਆ ਗਿਆ ਹੈ ਕਿ ਕਾਰ ਵ੍ਹਾਈਟ ਹਾਊਸ ਦੇ ਗੇਟ ਨਾਲ ਟਕਰਾ ਗਈ ਹੈ। ਜਦੋਂ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਡਰਾਈਵਰ ਮ੍ਰਿਤਕ ਪਾਇਆ ਗਿਆ। ਸੁਰੱਖਿਆ ਪ੍ਰੋਟੋਕੋਲ ਮੁਤਾਬਕ ਵ੍ਹਾਈਟ ਹਾਊਸ ਨੂੰ ਕੋਈ ਖਤਰਾ ਨਹੀਂ ਹੈ। ਡਰਾਈਵਰ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਹ ਡਰਾਈਵਰ ਕੌਣ ਸੀ ਅਤੇ ਕਿਵੇਂ ਗੱਡੀ ਲੈ ਕੇ ਇੱਥੇ ਪਹੁੰਚਿਆ? ਇਸ ਸਬੰਧੀ ਅਜੇ ਜਾਂਚ ਚੱਲ ਹੈ।
ਪੁਲਿਸ ਅਜੇ ਤੱਕ ਇਹ ਨਹੀਂ ਦੱਸ ਸਕੀ ਕਿ ਇਹ ਟੱਕਰ ਯੋਜਨਾਬੱਧ ਸੀ ਜਾਂ ਸੱਚਮੁੱਚ ਹਾਦਸਾ ਸੀ। ਘਟਨਾ ਦੀ ਜਾਂਚ ਅਜੇ ਵੀ ਜਾਰੀ ਹੈ। ਅਮਰੀਕੀ ਖੁਫੀਆ ਏਜੰਸੀ ਮੁਤਾਬਕ ਸੀਕ੍ਰੇਟ ਸਰਵਿਸ ਦੇ ਲੋਕ ਮਾਮਲੇ ਦੀ ਜਾਂਚ ਕਰ ਰਹੇ ਹਨ। ਬਾਅਦ ਵਿਚ ਜਾਂਚ ਦੀ ਜ਼ਿੰਮੇਵਾਰੀ ਵਾਸ਼ਿੰਗਟਨ ਮੈਟਰੋਪੋਲੀਟਨ ਪੁਲਿਸ ਵਿਭਾਗ ਨੂੰ ਵੀ ਦਿੱਤੀ ਜਾ ਸਕਦੀ ਹੈ।
ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਜਿਸ ਸਮੇਂ ਕਾਰ ਦੀ ਟੱਕਰ ਹੋਈ ਹੈ , ਉਸ ਸਮੇਂ ਰਾਸ਼ਟਰਪਤੀ ਜੋ ਬਿਡੇਨ ਵ੍ਹਾਈਟ ਹਾਊਸ ਦੇ ਅੰਦਰ ਸੀ ਜਾਂ ਨਹੀਂ। ਇਸ ਬਾਰੇ ਕੋਈ ਅਧਿਕਾਰੀ ਦੱਸਣ ਲਈ ਅੱਗੇ ਨਹੀਂ ਆਇਆ। ਹਾਲਾਂਕਿ ਵ੍ਹਾਈਟ ਹਾਊਸ ਨੂੰ ਅਮਰੀਕਾ ਦੀ ਸਭ ਤੋਂ ਸੁਰੱਖਿਅਤ ਜਗ੍ਹਾ ਮੰਨਿਆ ਜਾਂਦਾ ਹੈ ਪਰ ਅਜਿਹੀ ਘਟਨਾ ਤੋਂ ਬਾਅਦ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਗਏ ਹਨ।