
ਕਹਿੰਦੇ ਹਨ ਕਿ ਜਿਥੇ ਚਾਰ ਪੰਜਾਬੀ ਇਕੱਠੇ ਹੋ ਜਾਣ ਉਥੇ ਕੋਈ ਨਾ ਕੋਈ ਧਾਰਮਕ ਸਥਾਨ ਬਣਾ ਲੈਂਦੇ ਹਨ ਤੇ ਥੋੜ੍ਹਾ ਜਿਹਾ ਸੌਖਾ ਹੋਣ ਤੋਂ ਬਾਅਦ ਉਥੋਂ ਦੀ ਰਾਜਨੀਤੀ...
ਉਨਟਾਰੀਓ: ਕਹਿੰਦੇ ਹਨ ਕਿ ਜਿਥੇ ਚਾਰ ਪੰਜਾਬੀ ਇਕੱਠੇ ਹੋ ਜਾਣ ਉਥੇ ਕੋਈ ਨਾ ਕੋਈ ਧਾਰਮਕ ਸਥਾਨ ਬਣਾ ਲੈਂਦੇ ਹਨ ਤੇ ਥੋੜ੍ਹਾ ਜਿਹਾ ਸੌਖਾ ਹੋਣ ਤੋਂ ਬਾਅਦ ਉਥੋਂ ਦੀ ਰਾਜਨੀਤੀ ਤੇ ਸਮਾਜ ਨੂੰ ਪ੍ਰਭਾਵਿਤ ਕਰਨ ਲੱਗ ਪੈਂਦੇ ਹਨ। ਅਜਿਹਾ ਹੀ ਅੱਜਕਲ ਦੇਖਣ ਨੂੰ ਮਿਲ ਰਿਹੈ ਕੈਨੇਡਾ ਵਿਚ।
ਕੈਨੇਡਾ ਦੇ ਸੂਬੇ ਉਨਟਾਰੀਓ ਦੀਆਂ ਅਸੈਂਬਲੀ ਚੋਣਾਂ ਦਾ ਬਿਗਲ ਕੁੱਝ ਸਮਾਂ ਪਹਿਲਾਂ ਵੱਜ ਗਿਆ ਸੀ ਤੇ ਇਹ ਚੋਣਾਂ 7 ਜੂਨ ਨੂੰ ਹੋਣੀਆਂ ਹਨ ਅਤੇ ਇਸ ਸਮੇਂ ਇਸ ਦਾ ਪ੍ਰਚਾਰ ਜ਼ੋਰਾਂ-ਸ਼ੋਰਾਂ 'ਤੇ ਹੈ। ਕੈਨੇਡਾ ਦੀਆਂ ਤਿੰਨ ਵੱਡੀਆਂ ਪਾਰਟੀਆਂ ਲਿਬਰਲ, ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਅਤੇ ਐਨ.ਡੀ.ਪੀ. ਇਨ੍ਹਾਂ ਚੋਣਾਂ ਵਿਚ ਅਪਣੀ ਕਿਸਮਤ ਅਜਮਾ ਰਹੀਆਂ ਹਨ।
Ontario Electionsਇਸ ਤੋਂ ਇਲਾਵਾ ਕੈਨੇਡਾ ਕਮਿਊਨਿਸਟ ਪਾਰਟੀ ਅਤੇ ਗਰੀਨ ਪਾਰਟੀ ਨੇ ਵੀ ਕੁੱਝ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹੋਏ ਹਨ।ਇਨ੍ਹਾਂ ਚੋਣਾਂ ਦੀ ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਚੋਣਾਂ 'ਚ ਵੱਡੀ ਗਿਣਤੀ 'ਚ ਭਾਰਤੀ ਅਤੇ ਪੰਜਾਬੀ ਉਮੀਦਵਾਰ ਖੜੇ ਹਨ ਜਿਹੜੇ ਵੱਖ ਵੱਖ ਢੰਗਾਂ ਨਾਲ ਅਪਣੇ ਭਾਈਚਾਰੇ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਚੋਣ ਸਰਵੇ ਅਨੁਸਾਰ ਪਿਛਲੇ 15 ਸਾਲਾਂ ਤੋਂ ਰਾਜ ਕਰ ਰਹੀ ਲਿਬਰਲ ਪਾਰਟੀ ਇਸ ਵਾਰ ਪਿਛੇ ਦਿਖਾਈ ਦੇ ਰਹੀ ਹੈ ਪਰ ਕੋਈ ਵੀ ਪਾਰਟੀ ਹਾਸਲ ਕਰਦੀ ਨਹੀਂ ਦਿਖ ਰਹੀ। ਇਥੇ 26 ਮਈ ਤੋਂ 30 ਮਈ ਤਕ ਐਡਵਾਂਸ ਪੋਲ ਹੋ ਚੁਕੀ ਹੈ।
ਐਡਵਾਂਸ ਪੋਲ ਤੋਂ ਭਾਵ ਜਿਹੜੇ ਲੋਕ ਕਿਸੇ ਕਾਰਨ 7 ਜੂਨ ਨੂੰ ਵੋਟ ਨਹੀਂ ਪਾ ਸਕਦੇ, ਉਹ ਪਹਿਲਾਂ ਹੀ ਵੋਟ ਪਾ ਸਕਦੇ ਹਨ। ਇਸ ਵਿਚ ਪਿਛਲੇ ਰਿਕਾਰਡ ਦੇ ਮੁਕਾਬਲੇ ਲੋਕਾਂ ਦੇ ਉਤਸ਼ਾਹ ਵਿੱਚ ਕਮੀ ਪਾਈ ਗਈ ਹੈ। ਅਪਣੀ ਚੋਣ ਮੁਹਿੰਮ ਭਖਾਉਣ ਵਿਚ ਪੰਜਾਬੀ ਮੂਲ ਦੇ ਉਮੀਦਵਾਰ ਸੱਭ ਤੋਂ ਅੱਗੇ ਚੱਲ ਰਹੇ ਹਨ। ਬਹੁਤੇ ਹਲਕਿਆਂ ਵਿਚ ਤਿੰਨਾਂ ਮੁੱਖ ਪਾਰਟੀਆਂ ਵਲੋਂ ਪੰਜਾਬੀਆਂ ਨੂੰ ਉਮੀਦਵਾਰ ਬਣਾਇਆ ਗਿਆ ਹੈ।
Jagmeet Singhਜਿਵੇਂ ਬਰੈਂਪਟਨ ਸਾਊਥ ਵਿਚ ਲਿਬਰਲ ਨੇ ਸੁਖਵੰਤ ਸੇਠੀ, ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਪ੍ਰਭਮੀਤ ਸਰਕਾਰੀਆ ਅਤੇ ਐਨ.ਡੀ.ਪੀ. ਨੇ ਪਰਮਜੀਤ ਸਿੰਘ ਗਿੱਲ ਨੂੰ ਉਮੀਦਵਾਰ ਬਣਾਇਆ ਹੈ। ਬਰੈਂਪਟਨ ਵੈਸਟ 'ਚ ਲਿਬਰਲ ਵਲੋਂ ਵਿਕ ਢਿੱਲੋਂ, ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਅਮਰਜੋਤ ਸਿੰਘ ਸੰਧੂ ਅਤੇ ਐੱਨ.ਡੀ.ਪੀ. ਦੇ ਜਗਰੂਪ ਸਿੰਘ ਚੋਣ ਲੜ ਰਹੇ ਹਨ। ਹੋਰ ਕਈ ਥਾਵਾਂ 'ਤੇ ਵੀ ਪੰਜਾਬੀ ਉਮੀਦਵਾਰਾਂ ਦਾ ਮੁਕਾਬਲਾ ਪੰਜਾਬੀਆਂ ਨਾਲ ਹੈ ਭਾਵ ਬਾਜ਼ੀ ਕਿਸੇ ਇਕ ਪੰਜਾਬੀ ਨੇ ਹੀ ਮਾਰਨੀ ਹੈ।
ਜ਼ਿਕਰਯੋਗ ਹੈ ਕਿ ਸਰਕਾਰ ਬਣਾਉਣ ਲਈ ਪਾਰਟੀ ਨੂੰ 63 ਸੀਟਾਂ 'ਤੇ ਜਿੱਤ ਦਰਜ ਕਰਨੀ ਪਵੇਗੀ। ਜੇਕਰ ਕਿਸੇ ਵੀ ਪਾਰਟੀ ਨੂੰ ਜਿੱਤ ਨਹਂ ਮਿਲਦੀ ਤਾਂ ਗਵਰਨਰ ਜਨਰਲ ਚੋਣ ਦੁਬਾਰਾ ਕਰਾਉਣ ਦਾ ਹੁਕਮ ਵੀ ਦੇ ਸਕਦਾ ਹੈ।ਇਸ ਤੋਂ ਇਲਾਵਾ ਕਿਸੇ ਵੀ ਪਾਰਟੀ ਨੂੰ ਅਪਣੀ ਹੋਂਦ ਬਰਕਰਾਰ ਰੱਖਣ ਲਈ ਘੱਟੋ-ਘੱਟ 8 ਸੀਟਾਂ ਜਿੱਤਣੀਆਂ ਜ਼ਰੂਰੀ ਹਨ। ਫੈਸਲਾ ਭਵਿੱਖ ਦੇ ਗਰਭ 'ਚ ਹੈ ਤੇ ਦੇਖਦੇ ਹਾਂ ਕਿ ਕਿੰਨੇ ਪੰਜਾਬੀ ਕੈਨੇਡਾ ਵਿਚ ਅਪਣੀ ਸਰਦਾਰੀ ਕਾਇਮ ਕਰਦੇ ਹਨ। (ਏਜੰਸੀ)