
ਕੈਲਾਸ਼ ਮਾਨਸਰੋਵਰ ਦੀ ਯਾਤਰਾ ਦੌਰਾਨ ਫਸੇ ਭਾਰਤੀਆਂ 'ਚੋਂ 96 ਹੋਰ ਸ਼ਰਧਾਲੂਆਂ ਨੂੰ ਬੁਧਵਾਰ ਨੂੰ ਬਚਾ ਲਿਆ ਗਿਆ.........
ਕਾਠਮੰਡੂ : ਕੈਲਾਸ਼ ਮਾਨਸਰੋਵਰ ਦੀ ਯਾਤਰਾ ਦੌਰਾਨ ਫਸੇ ਭਾਰਤੀਆਂ 'ਚੋਂ 96 ਹੋਰ ਸ਼ਰਧਾਲੂਆਂ ਨੂੰ ਬੁਧਵਾਰ ਨੂੰ ਬਚਾ ਲਿਆ ਗਿਆ। ਖ਼ਰਾਬ ਮੌਸਮ ਕਾਰਨ ਲਗਭਗ 1500 ਸ਼ਰਧਾਲੂ ਵੱਖ-ਵੱਖ ਇਲਾਕਿਆਂ 'ਚ ਫਸੇ ਹੋਏ ਹਨ। ਇਨ੍ਹਾਂ 'ਚੋਂ 104 ਸ਼ਰਧਾਲੂਆਂ ਨੂੰ ਹਿਲਸਾ ਦੇ ਸਿਮੀਕੋਟ ਤੋਂ ਮੰਗਲਵਾਰ ਨੂੰ ਬਚਾਇਆ ਗਿਆ ਸੀ। ਨੇਪਾਲ ਦੇ ਸੂਤਰਾਂ ਮੁਤਾਬਕ 73 ਭਾਰਤੀ ਤੀਰਥ ਯਾਤਰੀਆਂ ਨੂੰ ਹਵਾਈ ਜਹਾਜ਼ ਰਾਹੀਂ ਬਚਾਇਆ ਗਿਆ, ਜਦਕਿ ਇਕ ਹੈਲੀਕਾਪਟਰ ਜ਼ਰੀਏ 23 ਹੋਰ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਗਿਆ। ਸੂਤਰਾਂ ਮੁਤਾਬਕ ਜੇ ਮੌਸਮ ਸਹੀ ਰਹਿੰਦਾ ਹੈ ਤਾਂ ਯਾਤਰੀਆਂ ਨੂੰ ਕੱਢਣ ਦਾ ਕੰਮ ਦੋ-ਤਿੰਨ ਦਿਨ 'ਚ ਪੂਰਾ ਕਰ ਲਿਆ ਜਾਵੇਗਾ।
ਇਨ੍ਹਾਂ ਸ਼ਰਧਾਲੂਆਂ ਨੂੰ ਸੁਰੱਖਿਅਤ ਕੱਢਣ ਦਾ ਕੰਮ ਭਾਰਤੀ ਸਫ਼ਾਰਤਖ਼ਾਨੇ ਵਲੋਂ ਜਾਰੀ ਹੈ। ਭਾਰਤ ਸਰਕਾਰ ਵਲੋਂ ਮੰਗਲਵਾਰ ਨੂੰ ਜਾਣਕਾਰੀ ਦਿਤੀ ਗਈ ਸੀ ਕਿ ਸਾਰੇ ਸ਼ਰਧਾਲੂ ਸੁਰੱਖਿਅਤ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਹਨ ਕਿ ਉਹ ਪ੍ਰਭਾਵਤਾਂ ਨੂੰ ਹਰ ਸੰਭਵ ਮਦਦ ਪਹੁੰਚਾਉਣ। ਕਾਠਮੰਡੂ 'ਚ ਭਾਰਤ ਦੇ ਕਾਰਜਕਾਰੀ ਰਾਜਦੂਤ ਬੀ.ਕੇ. ਰੇਗਮੀ ਨੇ ਦਸਿਆ ਕਿ ਹਿਲਸਾ 'ਚ ਲਗਭਗ 3600 ਮੀਟਰ ਦੀ ਉੱਚਾਈ 'ਤੇ ਫਸੇ ਲੋਕਾਂ ਨੂੰ ਬਚਾਉਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ।
ਨੇਪਾਲ ਦੀ ਸਰਕਾਰ ਵਲੋਂ 11 ਹੈਲੀਕਾਪਟਰ ਭੇਜੇ ਗਏ ਹਨ। ਭਾਰਤ ਸਰਕਾਰ ਨੇ ਨੇਪਾਲ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਤੀਰਥ ਯਾਤਰੀਆਂ ਨੂੰ ਕੱਢਣ ਲਈ ਫ਼ੌਜੀ ਹੈਲੀਕਾਪਟਰ ਮੁਹੱਈਆ ਕਰਵਾਇਆ ਜਾਵੇ। ਦਸਿਆ ਜਾ ਰਿਹਾ ਹੈ ਕਿ ਹਿਲਸਾ 'ਚ ਫਸੇ ਸੈਂਕੜੇ ਤੀਰਥ ਯਾਤਰੀਆਂ ਨੂੰ ਬਚਾਉਣ ਦੀ ਮੁਹਿੰਮ ਜਾਰੀ ਹੈ। (ਪੀਟੀਆਈ)