
ਨਿਊਜ਼ੀਲੈਂਡ ਦੇ ਦਖਣੀ ਟਾਪੂ ਦੇ ਸੱਭ ਤੋਂ ਵੱਡੇ ਸ਼ਹਿਰ ਕ੍ਰਾਈਸਟਚਰਚ ਵਿਖੇ ਕੋਵਿਡ-19 ਦੌਰਾਨ ਵਿਦੇਸ਼ਾਂ ਤੋਂ ਆ ਰਹੇ ਕੀਵੀਆਂ ਅਤੇ ਹੋਰ ਵੀਜ਼ਾ ਧਾਰਕਾਂ ਨੂੰ ..........
ਔਕਲੈਂਡ: ਨਿਊਜ਼ੀਲੈਂਡ ਦੇ ਦਖਣੀ ਟਾਪੂ ਦੇ ਸੱਭ ਤੋਂ ਵੱਡੇ ਸ਼ਹਿਰ ਕ੍ਰਾਈਸਟਚਰਚ ਵਿਖੇ ਕੋਵਿਡ-19 ਦੌਰਾਨ ਵਿਦੇਸ਼ਾਂ ਤੋਂ ਆ ਰਹੇ ਕੀਵੀਆਂ ਅਤੇ ਹੋਰ ਵੀਜ਼ਾ ਧਾਰਕਾਂ ਨੂੰ ਵੱਖ-ਵੱਖ ਹੋਟਲਾਂ ਦੇ ਵਿਚ 14 ਦਿਨਾਂ ਆਈਸੋਲੇਸ਼ਨ ਲਈ ਪਿਛਲੇ 6 ਮਹੀਨਿਆਂ ਤੋਂ ਰੱਖਿਆ ਜਾ ਰਿਹਾ ਹੈ। ਇਥੇ ਦੋ ਗੁਰਦਵਾਰਾ ਸਾਹਿਬ ਵੀ ਸਥਾਪਤ ਹਨ।
Coronavirus
ਗੁਰਦਵਾਰਾ ਜਗਤ ਗੁਰੂ ਨਾਨਕ ਸਾਹਿਬ ਰਿਕਟਨ (ਕ੍ਰਾਈਸਟਚਰਚ) ਪਿਛਲੇ ਕੁੱਝ ਸਾਲਾਂ ਤੋਂ 'ਦੇਗ਼-ਤੇਗ਼ ਫ਼ਤਿਹ ਸਿੱਖ ਸੁਸਾਇਟੀ ਕ੍ਰਾਈਸਟਚਰਚ' ਦੇ ਪ੍ਰਬੰਧ ਵਿਚ ਅਪਣਾ ਵੱਡਮੁੱਲਾ ਯੋਗਦਾਨ ਸਿੱਖੀ ਦੇ ਪ੍ਰਸਾਰ ਅਤੇ ਹੋਰ ਸੇਵਾਵਾਂ ਦੇ ਵਿਚ ਪਾ ਰਿਹਾ ਹੈ। ਇਸ ਵੇਲੇ ਜੋ ਵੱਡੀ ਸੇਵਾ ਇਸ ਸੁਸਾਇਟੀ ਵਲੋਂ ਕੀਤੀ ਜਾ ਰਹੀ ਹੈ।
ਉਹ ਇਹ ਹੈ ਕਿ ਕ੍ਰਾਈਸਟਚਰਚ ਦੇ ਵਿਚ ਇੰਡੀਆ ਤੋਂ ਆ ਰਹੇ ਨਵੇਂ ਯਾਤਰੀਆਂ ਨੂੰ ਵੱਖ-ਵੱਖ ਹੋਟਲਾਂ ਦੇ ਵਿਚ ਗੁਰੂ ਕਾ ਲੰਗਰ ਮੁਹਈਆਂ ਕਰਵਾਉਣਾ।
photo
ਭਾਵੇਂ ਹੋਟਲਾਂ ਦੇ ਵਿਚ ਪਹਿਲਾਂ ਤੋਂ ਨਿਰਧਾਰਤ ਖਾਣਾ ਮਿਲ ਰਿਹਾ ਹੈ ਪਰ ਸ਼ਾਕਾਹਾਰੀ ਭੋਜਨ ਦੇ ਲਈ ਕਈਆਂ ਨੂੰ ਮੁਸ਼ਕਲ ਆਉਂਦੀ ਸੀ ਜਾਂ ਉਹ ਬਦਲਵੇਂ ਘਰ ਵਰਗੇ ਭੋਜਨ ਦੀ ਭਾਲ ਵਿਚ ਹੁੰਦੇ ਹਨ। ਇਸ ਕਾਰਜ ਦੇ ਲਈ ਇਕ ਵਟਸਐਪ ਗਰੁੱਪ ਰਾਹੀਂ ਮੰਗ ਦਾ ਪਤਾ ਲੱਗ ਜਾਂਦਾ ਹੈ ਅਤੇ ਉਨ੍ਹਾਂ ਨੂੰ ਡੱਬਾ ਬੰਦ ਭੋਜਨ ਬਣਾ ਕੇ ਯਾਤਰੀ ਦਾ ਨਾਂ ਅਤੇ ਕਮਰਾ ਨੰਬਰ ਆਦਿ ਲਿਖ ਕੇ ਹੋਟਲ ਦੀ ਰਿਸੈਪਸ਼ਨ (ਸਵਾਗਤੀ ਮੇਜ਼) ਉਤੇ ਦੇ ਦਿਤਾ ਜਾਂਦਾ ਹੈ।
Langer
ਇਸ ਵੇਲੇ ਇਹ ਸੇਵਾ ਕ੍ਰਾਊਨ ਪਲਾਜ਼ਾ ਅਤੇ ਕੋਮੋਡੋਰ ਹੋਟਲ ਵਿਖੇ ਰੋਜ਼ਾਨਾ ਦੋ ਟਾਈਮ ਲੰਗਰ ਭੇਜ ਕੇ ਕੀਤੀ ਜਾ ਰਹੀ ਹੈ। ਇਹ ਲੰਗਰ ਗੁਰਦਵਾਰਾ ਸਾਹਿਬ ਦੀ ਰਸੋਈ ਵਿਚ ਸਮੂਹ ਸੰਗਤ ਵਲੋਂ ਬਣਾਇਆ ਜਾ ਰਿਹਾ ਹੈ ਅਤੇ ਰਾਸ਼ਨ ਗੁਰਦਵਾਰਾ ਸਾਹਿਬ ਤੋਂ ਸੰਗਤ ਦੇ ਸਹਿਯੋਗ ਨਾਲ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ 'ਦੇਗ਼-ਤੇਗ਼ ਫ਼ਤਿਹ ਸਿੱਖ ਸੁਸਾਇਟੀ' ਵਲੋਂ ਤਾਲਾਬੰਦੀ ਦੌਰਾਨ ਫ਼ੂਡ ਬੈਗਾਂ ਦੀ ਸੇਵਾ ਵੀ ਕੀਤੀ ਜਾ ਚੁੱਕੀ ਹੈ।
Langer
ਅੱਜ ਹੋਟਲ ਤੋਂ ਗੁਰਪਾਲ ਸਿੰਘ ਵਿਰਕ-ਕਿਰਨਪ੍ਰੀਤ ਕੌਰ ਵਿਰਕ ਅਤੇ ਅਰਸ਼ਦੀਪ ਸਿੰਘ ਸਰਾਂ-ਅਮਨਦੀਪ ਕੌਰ ਸਰਾਂ ਦਾ ਫ਼ੋਨ ਆਇਆ ਤਾਂ ਉਨ੍ਹਾਂ ਬਹੁਤ ਹੀ ਖ਼ੁਸ਼ੀ ਪ੍ਰਗਟ ਕੀਤੀ। ਇਨ੍ਹਾਂ ਨੌਜਵਾਨਾਂ ਕਿਹਾ ਕਿ ਉਨ੍ਹਾਂ ਦੀਆਂ ਪਤਨੀਆਂ ਵਿਆਹ ਤੋਂ ਬਾਅਦ ਪਹਿਲੀ ਵਾਰ ਇਥੇ ਆਈਆਂ ਹਨ।
ਉਹ ਹੋਟਲ ਦੇ ਖਾਣੇ ਨਾਲੋਂ ਗੁਰੂ ਕੇ ਲੰਗਰ ਨੂੰ ਜ਼ਿਆਦਾ ਤਰਜੀਹ ਦੇ ਰਹੀਆਂ ਹਨ। ਕੁੱਝ ਪਰਵਾਰ ਗੁਰਦਵਾਰਾ ਸਾਹਿਬ ਨੂੰ ਵੀ ਸੇਵਾ ਭੇਜ ਦਿੰਦੇ ਹਨ। ਸੋ ਕ੍ਰਾਈਸਟਚਰਚ ਦੇ ਵਿਚ ਗੁਰਦੁਆਰਾ ਸਾਹਿਬ ਅਤੇ 'ਦੇਗ਼-ਤੇਗ਼ ਫ਼ਤਹਿ ਸੇਵਾ ਸੁਸਾਇਟੀ' ਵਲੋਂ ਆਈਸੋਲੇਸ਼ਨ ਦੇ ਵਿਚ ਰਹਿ ਰਹੇ ਯਾਤਰੀਆਂ ਲਈ ਇਹ ਵੱਡੀ ਸੇਵਾ ਕੀਤੀ ਜਾ ਰਹੀ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਉਦਮ ਹੈ।