
ਦੋ ਸ਼ੱਕੀਆਂ ਦੀ ਭਾਲ ਕਰ ਰਹੀ ਕੈਨੇਡੀਅਨ ਪੁਲਿਸ
ਕੈਨੇਡਾ: ਸਸਕੈਚਵਨ ਸੂਬੇ ਵਿਚ ਦੋ ਭਾਈਚਾਰਿਆਂ ਦਰਮਿਆਨ ਹਿੰਸਕ ਝੜਪਾਂ ਹੋ ਗਈਆਂ। ਦੋਵਾਂ ਭਾਈਚਾਰਿਆਂ ਦੇ ਲੋਕਾਂ ਨੇ ਇਕ ਦੂਜੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ 'ਚ 10 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਲੋਕ ਜ਼ਖਮੀ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਦੋ ਸ਼ੱਕੀ ਦੋਸ਼ੀਆਂ ਦੀ ਭਾਲ ਜਾਰੀ ਹੈ। ਸ਼ੱਕੀਆਂ ਦੀ ਪਛਾਣ ਡੈਮਨ ਸੈਂਡਰਸਨ (31) ਅਤੇ ਮਾਈਲਸ ਸੈਂਡਰਸਨ (30) ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਜ਼ਖਮੀਆਂ ਦੀ ਗਿਣਤੀ ਹੋਰ ਵੀ ਹੋ ਸਕਦੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੁਝ ਜ਼ਖਮੀ ਖ਼ੁਦ ਹੀ ਹਸਪਤਾਲ ਪਹੁੰਚੇ ਹੋਣਗੇ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਘਟਨਾ ਨੂੰ ਡਰਾਉਣੀ ਅਤੇ ਦੁਖਦਾਈ ਦੱਸਿਆ ਹੈ। ਉਨ੍ਹਾਂ ਟਵੀਟ ਕੀਤਾ ਕਿ ਮੈਂ ਉਨ੍ਹਾਂ ਲੋਕਾਂ ਬਾਰੇ ਸੋਚ ਰਿਹਾ ਹਾਂ, ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਨੂੰ ਗੁਆ ਦਿੱਤਾ ਹੈ। ਟਰੂਡੋ ਨੇ ਕਿਹਾ ਕਿ ਅਸੀਂ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ। ਉਨ੍ਹਾਂ ਨੇ ਲੋਕਾਂ ਨੂੰ ਸਥਾਨਕ ਪ੍ਰਸ਼ਾਸਨ ਦਾ ਕਹਿਣਾ ਮੰਨਣ ਦੀ ਅਪੀਲ ਕੀਤੀ ਹੈ।
ਇਹ ਘਟਨਾ ਜੇਮਜ਼ ਸਮਿਥ ਕ੍ਰੀ ਨੇਸ਼ਨ ਅਤੇ ਸਸਕੈਚਵਨ ਪ੍ਰਾਂਤ ਦੇ ਨੇੜੇ ਵੈਲਡਨ ਕਸਬੇ ਦੇ ਇੱਕ ਆਦਿਵਾਸੀ ਭਾਈਚਾਰੇ ਵਿਚ ਵਾਪਰੀ। ਦੋਵਾਂ ਭਾਈਚਾਰਿਆਂ ਦੇ 13 ਜਗ੍ਹਾਂ ’ਤੇ ਖ਼ੂਨੀ ਲੜਾਈ ਲੜੀ। ਇਨ੍ਹਾਂ ਸਾਰੀਆਂ ਥਾਵਾਂ ਤੋਂ ਮ੍ਰਿਤਕ ਅਤੇ ਜ਼ਖਮੀ ਮਿਲੇ ਹਨ।
ਜੇਮਸ ਸਮਿਥ ਕ੍ਰੀ ਨੇਸ਼ਨ ਦੀ ਆਬਾਦੀ 2500 ਹੈ। ਇੱਥੇ ਸਥਾਨਕ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਸਕੈਚਵਨ ਸੂਬੇ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਸ਼ਰਨ ਲੈਣ ਲਈ ਕਿਹਾ ਗਿਆ ਹੈ। ਸਸਕੈਚਵਨ 'ਚ 'ਖ਼ਤਰਨਾਕ ਵਿਅਕਤੀ' ਅਲਰਟ ਜਾਰੀ ਕੀਤਾ ਗਿਆ ਹੈ।