ਮਾਪਿਆਂ ਨੇ ਜਨਮ ਦਿੰਦੇ ਹੀ ਤਿਆਗ ਦਿੱਤਾ ਸੀ ਸਟੀਵ ਜਾਬਜ਼, ਜਾਣੋ ਕਿਵੇਂ ਬਣਿਆ Apple ਦਾ ਸਹਿ-ਸੰਸਥਾਪਕ
Published : Oct 5, 2022, 1:51 pm IST
Updated : Oct 5, 2022, 1:51 pm IST
SHARE ARTICLE
 Steve Jobs
Steve Jobs

5 ਅਕਤੂਬਰ 2011 ਨੂੰ ਹੋਇਆ ਸੀ ਸਟੀਵ ਜਾਬਜ਼ ਦਾ ਦਿਹਾਂਤ

 

ਨਵੀਂ ਦਿੱਲੀ: ਸੰਸਾਰ ਭਰ 'ਚ ਪ੍ਰਸਿੱਧ ਅਮਰੀਕੀ ਕਾਰੋਬਾਰੀ ਤੇ ਤਕਨਾਲੋਜੀ ਮਾਹਿਰ, ਅਤੇ ਐਪਲ ਇਨਕਾਰਪੋਰੇਟ ਦੇ ਸਹਿ-ਸੰਸਥਾਪਕ, ਚੇਅਰਮੈਨ, ਅਤੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਜਾਣੇ ਜਾਂਦੇ ਸਟੀਵ ਜਾਬਜ਼ ਦਾ ਜਨਮ 24 ਫਰਵਰੀ, 1955 ਨੂੰ ਹੋਇਆ। ਉਸ ਦੇ ਮਾਤਾ-ਪਿਤਾ ਜੋਐਨ ਕੈਰੋਲ ਸ਼ੀਬਲ ਅਤੇ ਸੀਰੀਆ ਵਿੱਚ ਜੰਮੇ ਅਬਦੁਲਫੱਤਾ ਜੰਡਾਲੀ ਵਿਸਕਾਨਸਿਨ ਯੂਨੀਵਰਸਿਟੀ ਦੇ ਵਿਦਿਆਰਥੀ ਸਨ। ਉਸ ਸਮੇਂ ਉਹ ਦੋਵੇਂ ਅਣਵਿਆਹੇ ਸਨ। ਸਟੀਵ ਦੇ ਜਨਮ ਵੇਲੇ ਜੰਡਾਲੀ ਵਿਸਕਾਨਸਿਨ ਵਿੱਚ ਪੜ੍ਹਾ ਰਿਹਾ ਸੀ ਅਤੇ ਉਸ ਨੇ ਕਿਹਾ ਕਿ ਉਸ ਕੋਲ ਬੱਚੇ ਨੂੰ ਗੋਦ ਦੇਣ ਤੋਂ ਇਲਾਵਾ ਕੋਈ ਚਾਰਾ ਨਹੀਂ, ਕਿਉਂਕਿ ਉਸ ਦੀ ਪ੍ਰੇਮਿਕਾ ਦੇ ਪਰਿਵਾਰ ਨੂੰ ਉਨ੍ਹਾਂ ਦੇ ਰਿਸ਼ਤੇ 'ਤੇ ਇਤਰਾਜ਼ ਸੀ।

ਉਸ ਬੱਚੇ ਨੂੰ ਪੌਲ ਰੇਨਹੋਲਡ ਜਾਬਜ਼ (1922-1993) ਅਤੇ ਕਲਾਰਾ ਜੌਬਸ (1924-1986) ਨੇ ਜਨਮ ਸਮੇਂ ਹੋ ਗੋਦ ਲੈ ਲਿਆ। ਇੱਕ ਸਮੇਂ ਜਦੋਂ ਜਾਬਜ਼ ਨੂੰ ਉਸ ਦੇ 'ਗੋਦ ਲੈਣ ਵਾਲੇ ਮਾਪਿਆਂ' ਬਾਰੇ ਪੁੱਛਿਆ ਗਿਆ, ਤਾਂ ਜਾਬਜ਼ ਨੇ ਠੋਕ ਕੇ ਜਵਾਬ ਦਿੱਤਾ ਸੀ ਕਿ ਪੌਲ ਅਤੇ ਕਲਾਰਾ ਜੌਬਸ 'ਮੇਰੇ ਮਾਪੇ ਸਨ।' ਇਹ ਗੱਲ ਉਸ ਨੇ ਆਪਣੀ ਜੀਵਨੀ ਵਿੱਚ ਕਹੀ ਕਿ ਉਹ '1000% ਮੇਰੇ ਮਾਪੇ ਸਨ।'

ਬਹੁਤ ਸਮੇਂ ਤੱਕ ਉਸ ਨੂੰ ਜਾਣਕਾਰੀ ਨਹੀਂ ਸੀ ਕਿ ਉਸ ਨੂੰ ਜਨਮ ਦੇਣ ਵਾਲੇ ਮਾਪਿਆਂ ਨੇ ਦਸੰਬਰ 1955 ਵਿੱਚ ਵਿਆਹ ਕਰਵਾਇਆ, 1957 ਵਿੱਚ ਨਾਵਲਕਾਰ ਮੋਨਾ ਸਿੰਪਸਨ ਦੇ ਰੂਪ 'ਚ ਦੂਜੇ ਬੱਚੇ ਨੂੰ ਜਨਮ ਦਿੱਤਾ, ਅਤੇ 1962 ਵਿੱਚ ਤਲਾਕ ਲੈ ਕੇ ਅਲੱਗ ਹੋ ਗਏ।

ਜਦੋਂ ਸਟੀਵ ਪੰਜ ਸਾਲ ਦਾ ਸੀ, ਤਾਂ ਜਾਬਜ਼ ਪਰਿਵਾਰ ਸੈਨ ਫ਼ਰਾਂਸਿਸਕੋ ਤੋਂ ਮਾਊਂਟੇਨ ਵਿਊ, ਕੈਲੀਫ਼ੋਰਨੀਆ ਚਲਾ ਗਿਆ। ਮਾਪਿਆਂ ਨੇ ਬਾਅਦ ਵਿੱਚ ਇੱਕ ਧੀ ਪੱਟੀ ਨੂੰ ਵੀ ਗੋਦ ਲਿਆ। ਪੌਲ ਇੱਕ ਕੰਪਨੀ ਵਿੱਚ ਮਸ਼ੀਨਿਸਟ ਸੀ ਜੋ ਲੇਜ਼ਰ ਸੰਬੰਧੀ ਮਸ਼ੀਨੀ ਕੰਮ ਕਰਦਾ ਸੀ, ਅਤੇ ਸਟੀਵ ਨੂੰ ਇਲੈਕਟ੍ਰਾਨਿਕਸ ਦੀ ਮੁਢਲੀ ਜਾਣਕਾਰੀ ਅਤੇ ਹੱਥੀਂ ਕੰਮ ਕਰਨਾ ਉਸ ਨੂੰ ਉਸ ਦੇ ਪਿਤਾ ਪੌਲ ਨੇ ਹੀ ਸਿਖਾਇਆ। ਪਿਤਾ ਨੇ ਸਟੀਵ ਨੂੰ ਸਿਖਾਇਆ ਕਿ ਘਰ ਦੇ ਗੈਰੇਜ ਵਿੱਚ ਇਲੈਕਟ੍ਰਾਨਿਕਸ ਦਾ ਕੰਮ ਕਿਵੇਂ ਕਰਨਾ ਹੈ, ਅਤੇ ਰੇਡੀਓ ਅਤੇ ਟੈਲੀਵਿਜ਼ਨ ਵਰਗੇ ਇਲੈਕਟ੍ਰਾਨਿਕਸ ਗੈਜੇਟ ਨੂੰ ਪੁਰਜ਼ਾ-ਪੁਰਜ਼ਾ ਕਿਵੇਂ ਕਰਨਾ ਹੈ ਅਤੇ ਮੁੜ ਜੋੜਨਾ ਕਿਵੇਂ ਹੈ। ਨਤੀਜੇ ਵਜੋਂ, ਤਕਨੀਕੀ ਕੰਮਾਂ ਵਿੱਚ ਸਟੀਵ ਦੀ ਦਿਲਚਸਪੀ ਵਧਦੀ ਚਲੀ ਗਈ।ਉਸ ਦੀ ਮਾਂ ਕਲਾਰਾ ਇੱਕ ਐਕਾਊਂਟੈਂਟ ਸੀ, ਜੋ ਉਸ ਦੇ ਸਕੂਲ ਲੱਗਣ ਤੋਂ ਪਹਿਲਾਂ ਉਸ ਨੂੰ ਪੜ੍ਹਾਉਂਦੀ ਸੀ।

ਜਾਬਜ਼ ਵੱਡਾ ਹੋਇਆ ਤਾਂ ਉਸ ਦੀ ਰਸਮੀ ਸਕੂਲੀ ਪੜ੍ਹਾਈ ਦਾ ਸਮਾਂ ਬਹੁਤ ਉਲਝਣ ਭਰਿਆ ਸੀ। ਮਾਉਂਟੇਨ ਵਿਊ ਦੇ ਮੋਂਟਾ ਲੋਮਾ ਐਲੀਮੈਂਟਰੀ ਸਕੂਲ ਵਿੱਚ, ਉਹ ਇੱਕ ਗੁੱਝੀਆਂ ਸ਼੍ਰਤਰਾਂ ਕਰਨ ਵਾਲਾ ਬੱਚਾ ਸੀ, ਜਿਸ ਦੀ ਚੌਥੀ ਜਮਾਤ ਦੀ ਅਧਿਆਪਕ ਨੂੰ ਉਸ ਨੂੰ ਪੜ੍ਹਾਈ ਲਈ ਪ੍ਰੇਰਨ ਵਾਸਤੇ ਰਿਸ਼ਵਤ ਦੇਣੀ ਪੈਂਦੀ ਸੀ। ਜਾਬਜ਼ ਪ੍ਰੀਖਿਆਵਾਂ 'ਚ ਚੰਗੀ ਕਾਰਗ਼ੁਜ਼ਾਰੀ ਦਿਖਾਉਣ ਲੱਗਿਆ ਅਤੇ ਸਕੂਲ ਪ੍ਰਸ਼ਾਸਨ ਨੇ ਉਸ ਨੂੰ ਹਾਈ ਸਕੂਲ ਵਿੱਚ ਭੇਜ ਦਿੱਤੇ ਜਾਣ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਉਸ ਦੇ ਮਾਪਿਆਂ ਨੇ ਇਨਕਾਰ ਕਰ ਦਿੱਤਾ। ਉਸ ਤੋਂ ਬਾਅਦ ਜਾਬਜ਼ ਨੇ ਕੂਪਰਟੀਨੋ, ਕੈਲੀਫ਼ੋਰਨੀਆ ਦੇ ਕਯੂਪਰਟੀਨੋ ਜੂਨੀਅਰ ਹਾਈ ਅਤੇ ਹੋਮਸਟੇਡ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ। ਇਸ ਤੋਂ ਅਗਲੇ ਸਾਲਾਂ ਦੌਰਾਨ, ਜਾਬਜ਼ ਦੀ ਮੁਲਾਕਾਤ ਬਿਲ ਫ਼ਰਨਾਂਡੇਜ਼ ਅਤੇ ਸਟੀਵ ਵੋਜ਼ਨਿਆਕ ਨਾਲ ਹੋਈ, ਜਿਨ੍ਹਾਂ ਨੂੰ ਕੰਪਿਊਟਰ ਵਿੱਚ ਭਾਰੀ ਦਿਲਚਸਪੀ ਸੀ।

1972 ਵਿੱਚ ਹਾਈ ਸਕੂਲ ਗ੍ਰੈਜੂਏਸ਼ਨ ਤੋਂ ਬਾਅਦ, ਜਾਬਜ਼ ਨੇ ਪੋਰਟਲੈਂਡ, ਓਰੇਗਨ ਦੇ ਰੀਡ ਕਾਲਜ ਵਿੱਚ ਦਾਖਲਾ ਲਿਆ। ਰੀਡ ਇੱਕ ਮਹਿੰਗਾ ਕਾਲਜ ਸੀ ਜਿੱਥੇ ਸਟੀਵ ਨੂੰ ਪੜ੍ਹਾਉਣਾ ਪਾਲ ਅਤੇ ਕਲਾਰਾ ਲਈ ਬਹੁਤ ਮੁਸ਼ਕਿਲ ਸੀ। ਉਹ ਆਪਣੇ ਪੁੱਤਰ ਦੀ ਉੱਚ-ਸਿੱਖਿਆ 'ਤੇ ਆਪਣੀ ਜ਼ਿੰਦਗੀ ਭਰ ਦੀ ਬੱਚਤ ਖ਼ਰਚ ਕਰ ਰਹੇ ਸਨ। ਛੇ ਮਹੀਨਿਆਂ ਬਾਅਦ ਜਾਬਜ਼ ਨੇ ਕਾਲਜ ਛੱਡ ਦਿੱਤਾ ਅਤੇ ਅਗਲੇ 18 ਮਹੀਨੇ ਰਚਨਾਤਮਕ ਕਲਾਸਾਂ ਵਿੱਚ ਬਿਤਾਏ, ਜਿਸ ਵਿੱਚ ਕੈਲੀਗ੍ਰਾਫ਼ੀ ਦਾ ਕੋਰਸ ਵੀ ਸ਼ਾਮਲ ਸੀ। ਉਹ ਦੋਸਤਾਂ ਦੇ ਕਮਰਿਆਂ ਦੇ ਵਰਾਂਡਿਆਂ ਵਿੱਚ ਸੌਂਦਾ ਰਿਹਾ, ਖਾਣੇ ਦੇ ਪੈਸਿਆਂ ਦੇ ਇੰਤਜ਼ਾਮ ਲਈ ਲਈ ਕੋਕ ਦੀਆਂ ਬੋਤਲਾਂ ਦਾ ਲੈਣ-ਦੇਣ ਕਰਦਾ ਰਿਹਾ, ਅਤੇ ਸਥਾਨਕ ਹਰੇ ਕ੍ਰਿਸ਼ਨਾ ਮੰਦਰ ਵਿੱਚ ਮੁਫ਼ਤ ਭੋਜਨ ਕਰਕੇ ਵੀ ਢਿੱਡ ਭਰਦਾ ਰਿਹਾ।

1976 ਵਿੱਚ, ਵੋਜ਼ਨਿਆਕ ਨੇ ਐਪਲ ਆਈ (i) ਕੰਪਿਊਟਰ ਦੀ ਖੋਜ ਕੀਤੀ। ਜਾਬਜ਼, ਵੋਜ਼ਨਿਆਕ, ਅਤੇ ਇਲੈਕਟ੍ਰੋਨਿਕਸ ਨਾਲ ਜੁੜੇ ਇੱਕ ਹੋਰ ਵਿਅਕਤੀ ਰੋਨਾਲਡ ਵੇਨ ਨੇ ਇਸ ਨੂੰ ਵੇਚਣ ਲਈ ਜਾਬਜ਼ ਦੇ ਮਾਪਿਆਂ ਦੇ ਗੈਰੇਜ ਵਿੱਚ ਐਪਲ ਕੰਪਿਊਟਰ ਦੀ ਸਥਾਪਨਾ ਕੀਤੀ। ਫ਼ੰਡ ਦਾ ਇੰਤਜ਼ਾਮ ਉਹਨਾਂ ਨੇ ਉਸ ਸਮੇਂ ਇੰਟੈਲ ਦੇ ਦੇ ਅਰਧ-ਰਿਟਾਇਰਡ ਮਾਰਕੀਟਿੰਗ ਮੈਨੇਜਰ ਅਤੇ ਇੰਜੀਨੀਅਰ ਮਾਈਕ ਮਾਰਕੁਲਾ ਤੋਂ ਕੀਤਾ।

ਹਾਲਾਂਕਿ ਜਾਬਜ਼ ਨੂੰ ਨਿੱਜੀ ਕੰਪਿਊਟਰ ਕ੍ਰਾਂਤੀ ਦੇ ਕ੍ਰਿਸ਼ਮਈ ਮੋਢੀ ਅਤੇ ਉਸ ਵੱਲੋਂ ਕੰਪਿਊਟਰ ਤੇ ਖਪਤਕਾਰ ਇਲੈਕਟ੍ਰੋਨਿਕਸ ਖੇਤਰ ਵਿੱਚ ਨਿਭਾਈ ਪ੍ਰਭਾਵਸ਼ਾਲੀ ਭੂਮਿਕਾ ਲਈ ਜਾਣਿਆ ਜਾਂਦਾ ਹੈ। ਪਰ ਬਹੁਤ ਲੋਕ ਇਹ ਨਹੀਂ ਜਾਣਦੇ ਕਿ ਜਾਬਜ਼ ਨੇ ਪਿਕਸਰ ਐਨੀਮੇਸ਼ਨ ਸਟੂਡੀਓਜ਼ ਦੀ ਸਹਿ-ਸਥਾਪਨਾ ਕੀਤੀ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਵੀ ਕੰਮ ਕੀਤਾ। 2006 ਵਿੱਚ ਜਦੋਂ ਪਿਕਸਰ ਡਿਜ਼ਨੀ ਦਾ ਹਿੱਸਾ ਬਣ ਗਿਆ, ਤਾਂ ਜਾਬਜ਼ ਨੂੰ ਵਾਲਟ ਡਿਜ਼ਨੀ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰਜ਼ ਦਾ ਮੈਂਬਰ ਵੀ ਬਣਾਇਆ ਗਿਆ।

5 ਅਕਤੂਬਰ 2011 ਦੇ ਦਿਨ ਜਾਬਜ਼ ਦੇ ਕੈਲੀਫ਼ੋਰਨੀਆ ਵਿਖੇ ਸਥਿਤ ਘਰ 'ਚ ਜਾਬਜ਼ ਦੀ ਦੁਪਹਿਰ 3 ਵਜੇ ਦੇ ਕਰੀਬ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਪੈਨਕ੍ਰੀਆਟਿਕ ਕੈਂਸਰ ਦੇ ਮੁੜ ਹੋਣ ਕਰਕੇ ਪੈਦਾ ਹੋਈਆਂ ਪੇਚੀਦਗੀਆਂ ਵੀ ਉਸ ਦੀ ਮੌਤ ਦੇ ਕਾਰਨਾਂ ਵਿੱਚ ਸ਼ਾਮਲ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement