
500 ਜ਼ਖ਼ਮੀ, 200 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ
ਵਾਜੀਮਾ : ਜਾਪਾਨ ਦੇ ਪਛਮੀ ਤੱਟ ’ਤੇ ਪਿਛਲੇ ਹਫਤੇ ਆਏ ਭੂਚਾਲ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 126 ਹੋ ਗਈ ਹੈ। ਇਸ ਦੇ ਨਾਲ ਹੀ ਭੂਚਾਲ ਦੇ ਝਟਕੇ ਅਤੇ ਮਕਾਨ ਢਹਿ ਜਾਣ ਅਤੇ ਮੁੱਖ ਸੜਕਾਂ ਬੰਦ ਹੋਣ ਕਾਰਨ ਰਾਹਤ ਸਮੱਗਰੀ ਭੇਜਣ ’ਚ ਮੁਸ਼ਕਲਾਂ ਪੈਦਾ ਹੋਣ ਦਾ ਵੀ ਖਤਰਾ ਹੈ। ਮ੍ਰਿਤਕਾਂ ’ਚ ਇਕ ਪੰਜ ਸਾਲ ਦਾ ਬੱਚਾ ਵੀ ਸ਼ਾਮਲ ਹੈ, ਜੋ ਸੋਮਵਾਰ ਨੂੰ ਆਏ 7.6 ਤੀਬਰਤਾ ਦੇ ਭੂਚਾਲ ਦੌਰਾਨ ਉਬਲਦਾ ਪਾਣੀ ਡਿੱਗਣ ਨਾਲ ਸੜ ਗਿਆ ਸੀ। ਸੱਭ ਤੋਂ ਵੱਧ ਪ੍ਰਭਾਵਤ ਇਸ਼ੀਕਾਵਾ ਸੂਬੇ ਮੁਤਾਬਕ ਬੱਚੇ ਦੀ ਹਾਲਤ ਅਚਾਨਕ ਵਿਗੜ ਗਈ ਅਤੇ ਸ਼ੁਕਰਵਾਰ ਨੂੰ ਉਸ ਦੀ ਮੌਤ ਹੋ ਗਈ।
ਅਧਿਕਾਰੀਆਂ ਨੇ ਚੇਤਾਵਨੀ ਦਿਤੀ ਕਿ ਜੇਕਰ ਭੂਚਾਲ ਦੇ ਝਟਕੇ ਜਾਰੀ ਰਹੇ ਤਾਂ ਪਹਿਲਾਂ ਤੋਂ ਨੁਕਸਾਨੇ ਗਏ ਮਕਾਨ ਅਤੇ ਸੜਕਾਂ ਪੂਰੀ ਤਰ੍ਹਾਂ ਤਬਾਹ ਹੋ ਸਕਦੀਆਂ ਹਨ। ਸਨਿਚਰਵਾਰ ਰਾਤ ਅਤੇ ਐਤਵਾਰ ਨੂੰ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਨਾਲ ਖਤਰਾ ਹੋਰ ਵਧ ਗਿਆ ਹੈ। ਸਨਿਚਰਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 126 ਹੋ ਗਈ। ਵਾਜੀਮਾ ਸ਼ਹਿਰ ’ਚ ਸੱਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ। ਵਾਜੀਮਾ ’ਚ 69, ਸੁਜ਼ੂ ’ਚ 38 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ 500 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਿਸ ’ਚ ਘੱਟੋ-ਘੱਟ 27 ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ।
ਭੂਚਾਲ ਕਾਰਨ ਮਕਾਨ ਢਹਿ ਕੇ ਸੜਕਾਂ ’ਤੇ ਮਲਬੇ ’ਚ ਬਦਲ ਗਏ ਹਨ ਅਤੇ ਇਸ ਮਲਬੇ ਹੇਠ ਦੱਬ ਕੇ ਲਗਭਗ ਹਰ ਚੀਜ਼ ਤਬਾਹ ਹੋ ਗਈ ਹੈ। ਸੜਕਾਂ ਰਬੜ ਵਾਂਗ ਟੇਢੀਆਂ-ਮੇਢੀਆਂ ਬਣ ਗਈਆਂ ਹਨ। ਅਧਿਕਾਰੀਆਂ ਮੁਤਾਬਕ 200 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ, ਹਾਲਾਂਕਿ ਗਿਣਤੀ ’ਚ ਉਤਰਾਅ-ਚੜ੍ਹਾਅ ਹੋ ਰਿਹਾ ਹੈ। ਇਸ ਦੇ ਨਾਲ ਹੀ ਅਨਾਮਿਜੂ ’ਚ ਢਹਿ ਗਏ ਦੋ ਮਕਾਨਾਂ ਦੇ ਹੇਠਾਂ 11 ਲੋਕਾਂ ਦੇ ਫਸੇ ਹੋਣ ਦੀ ਖਬਰ ਹੈ।