
2016 'ਚ ਵੀ ਸ਼ੈਲ ਕੌਸ਼ਲ ਨੇ ਜਿੱਤੀ ਸੀ ਆਕਲੈਂਡ ਕੌਂਸਲ ਚੋਣ
ਨਿਊਜ਼ੀਲੈਂਡ- ਆਕਲੈਂਡ ਸਿਟੀ ਕੌਂਸਲ ਦੀਆਂ ਚੋਣਾਂ ਵਿਚ ਪੰਜਾਬੀ ਮੂਲ ਦੇ ਸ਼ੈਲ ਕੌਸ਼ਲ ਨੂੰ ਮਾਊਂਟ ਰੌਸਕਿਲ ਹਲਕੇ ਤੋਂ ਸਿਟੀ ਵਿਜ਼ਨ ਅਤੇ ਰੌਸਕਿਲ ਕਮਿਊਨਿਟੀ ਵੁਆਇਸ ਵਲੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ। ਇਸ ਦੇ ਨਾਲ ਹੀ ਇਹ ਪੰਜਾਬੀ ਨੌਜਵਾਨ ਸਿਆਸਤ ਦੀ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕਰੇਗਾ, ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਪੰਜਾਬੀ ਨੌਜਵਾਨ ਸ਼ੈਲ ਕੌਸ਼ਲ ਨੇ 2016 ਦੀਆਂ ਹੋਈਆਂ ਆਕਲੈਂਡ ਕੌਂਸਲ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕਰਕੇ ਇਤਿਹਾਸ ਸਿਰਜਿਆ ਸੀ।
Shail kaushal
ਇਹ ਪਹਿਲੀ ਵਾਰ ਹੋਇਆ ਸੀ ਜਦੋਂ ਕਿਸੇ ਭਾਰਤੀ ਮੂਲ ਦੇ ਨੌਜਵਾਨ ਨੇ ਪੁਕੀਟਾਪਾਪਾ ਹਲਕੇ ਤੋਂ ਕੌਂਸਲ ਦੀ ਚੋਣ ਜਿੱਤੀ ਸੀ। ਇਹੀ ਨਹੀਂ ਇਹ ਚੋਣ ਜਿੱਤਣ ਮਗਰੋਂ ਸ਼ੈਲ ਕੌਸ਼ਲ ਨੂੰ ਨਿਊਜ਼ੀਲੈਂਡ ਵਿਚ ਸੱਭ ਤੋਂ ਘੱਟ ਉਮਰ ਦਾ ਜੇਤੂ ਕੌਂਸਲਰ ਬਣਨ ਦਾ ਮਾਣ ਵੀ ਹਾਸਲ ਹੋਇਆ ਸੀ। ਪੰਜਾਬੀ ਨੌਜਵਾਨ ਸ਼ੈਲ ਕੌਸ਼ਲ ਨੂੰ 2017 ਵਿਚ ਇਕ ਵੱਕਾਰੀ ਭਾਰਤੀ ਕਮਿਊਨਿਟੀ ਐਵਾਰਡ 'ਹਾਲ ਆਫ਼ ਫ਼ੇਮ-ਯੰਗ ਐਚੀਵਰ ਆਫ਼ ਦਾ ਯੀਅਰ' ਵੀ ਮਿਲ ਚੁੱਕਿਆ ਹੈ।
Massey University
ਸ਼ੈਲ ਨੇ ਮੈਸੀ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ਼ ਆਕਲੈਂਡ ਤੋਂ ਉਚ ਸਿੱਖਿਆ ਪ੍ਰਾਪਤ ਕੀਤੀ ਹੋਈ ਹੈ। ਜਿਸ ਵਿਚ ਇੰਟਰਨੈਸ਼ਨਲ ਸਕਿਓਰਿਟੀ, ਬੈਚਲਰ ਆਫ਼ ਆਰਟਸ ਇਨ ਪੋਲੀਟਿਕਸ ਅਤੇ ਇੰਟਰਨੈਸ਼ਨਲ ਰਿਲੇਸ਼ਨਜ਼ ਸ਼ਾਮਲ ਹਨ। ਦੱਸ ਦਈਏ ਕਿ ਇੱਥੇ ਹਰ ਤਿੰਨ ਸਾਲ ਬਾਅਦ ਚੋਣਾਂ ਹੁੰਦੀਆਂ ਹਨ। ਇਸ ਵਾਰ ਇਨ੍ਹਾਂ ਚੋਣਾਂ ਦੇ ਚਲਦਿਆਂ 19 ਜੁਲਾਈ ਤੋਂ 16 ਅਗਸਤ ਤਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਅਤੇ 16 ਅਗਸਤ ਤੋਂ 20 ਸਤੰਬਰ ਤਕ ਡਾਕ ਰਾਹੀਂ ਵੋਟਾਂ ਪੈਣਗੀਆਂ ਜਦਕਿ 17 ਅਕਤੂਬਰ 2019 ਨੂੰ ਚੋਣਾਂ ਦਾ ਨਤੀਜਾ ਐਲਾਨਿਆ ਜਾਵੇਗਾ।