
ਵਿਕਲਾਂਗਤਾ ਇਕ ਤੰਦਰੁਸਤੀ ਭਰੇ ਜੀਵਨ ਤੋਂ ਕਿੰਨੀ ਮੁਸ਼ਕਿਲ ਭਰੀ ਹੁੰਦੀ ਹੈ, ਦਾ ਅੰਦਾਜ਼ਾ ਉਹੀ ਲਗਾ ਸਕਦੇ ਹਨ ਜਿਹੜੇ ਇਸ ਦੁਰਦਸ਼ਾ ਵਿਚੋਂ ਗੁਜਰ ਰਹੇ ਹੋਣ.............
ਆਕਲੈਂਡ : ਵਿਕਲਾਂਗਤਾ ਇਕ ਤੰਦਰੁਸਤੀ ਭਰੇ ਜੀਵਨ ਤੋਂ ਕਿੰਨੀ ਮੁਸ਼ਕਿਲ ਭਰੀ ਹੁੰਦੀ ਹੈ, ਦਾ ਅੰਦਾਜ਼ਾ ਉਹੀ ਲਗਾ ਸਕਦੇ ਹਨ ਜਿਹੜੇ ਇਸ ਦੁਰਦਸ਼ਾ ਵਿਚੋਂ ਗੁਜਰ ਰਹੇ ਹੋਣ। ਨਿਊਜ਼ੀਲੈਂਡ ਦੇ ਦੋ ਕੈਬਨਿਟ ਮੰਤਰੀਆਂ ਜਿਨ੍ਹਾਂ ਵਿਚ ਏ.ਸੀ.ਸੀ. ਮੰਤਰੀ ਸ੍ਰੀ ਇਆਨ ਲੀਸ ਗਾਲੋਵੇਅ ਅਤੇ ਡਿਸਅਬਿਲਟੀਜ਼ ਮੰਤਰੀ ਸਾਹਿਬ ਕੈਰਮਲ ਸੀਪੂਲੋਨੀ ਸ਼ਾਮਿਲ ਹਨ, ਨੇ ਅੱਜ ਵਲਿੰਗਟਨ ਸਥਿਤ ਪਾਰਲੀਮੈਂਟ ਦੇ ਵਿਚ ਅਪਣਾ ਪੂਰਾ ਦਿਨ ਵੀਲ੍ਹਚੇਅਰ ਉਤੇ ਬਿਤਾ ਕੇ ਵਿਕਲਾਂਗਤਾ ਨੂੰ ਸਮਝਣ ਦਾ ਯਤਨ ਕੀਤਾ।
ਉਨ੍ਹਾਂ ਦੱਸਿਆ ਕਿ ਅੰਗਹੀਣਾਂ ਦੀਆਂ ਅਸਲ ਸਮੱਸਿਆਵਾਂ ਨੂੰ ਸਮਝਣ ਦਾ ਇਹ ਇਕ ਵਧੀਆ ਤਰੀਕਾ ਹੋ ਸਕਦਾ ਹੈ ਅਤੇ ਨਿਤ ਦਿਨ ਦੀਆਂ ਪ੍ਰੇਸ਼ਾਨੀਆਂ ਨੂੰ ਨੇੜਿਓ ਤੱਕਿਆ ਜਾ ਸਕਦਾ ਹੈ। ਮੰਤਰੀ ਲੀਸ ਨੇ ਕਿਹਾ ਕਿ ਇਹ ਤਜ਼ਰਬਾ ਸੱਚਮੁੱਚ ਉਨ੍ਹਾਂ ਦੀਆਂ ਅੱਖਾਂ ਖੋਲ੍ਹਣ ਵਾਲਾ ਸੀ ਜਦੋਂ ਉਹ ਵੀਲ੍ਹ ਚੇਅਰ ਉਤੇ ਇਧਰ-ਉਧਰ ਗਏ ਅਤੇ ਕਈ ਵਾਰ ਲਿਫਟ ਦੇ ਵਿਚ ਵੀਲ੍ਹਚੇਅਰ ਲੈ ਕੇ ਗਏ।
ਵੱਖ-ਵੱਖ ਥਾਵਾਂ ਉਤੇ ਦਰਵਾਜ਼ਾ ਖੋਲ੍ਹਣ ਸਮੇਂ ਸਵਾਈਪ ਕਾਰਡ ਵਰਤਣਾ ਅਤੇ ਕਈ ਵਾਰ ਤੰਗ ਦਰਵਾਜ਼ਿਆਂ ਦੇ ਵਿਚੋਂ ਵੀਲ੍ਹ ਚੇਅਰ ਕੱਢਣੀ ਸੱਚਮੁੱਚ ਅੰਗਹੀਣਾਂ ਦੀਆਂ ਪ੍ਰੇਸ਼ਾਨੀਆਂ ਨੂੰ ਸਮਝਣ ਵਾਸਤੇ ਇਕ ਵੱਡਾ ਤਜ਼ਰਬਾ ਸੀ। ਡਿਸਅਬਿਲਟੀਜ਼ ਮੰਤਰੀ ਸੀਪੂਲੋਨੀ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਸੋਚਿਆ ਸੀ ਕਿ ਇਸਦੀ ਲੋੜ ਨਹੀਂ ਪਰ ਤਜ਼ਰਬੇ ਤੋਂ ਬਾਅਦ ਉਨ੍ਹਾਂ ਨੂੰ ਅਸਲ ਵਿਕਲਾਂਗਤਾ ਬਾਰੇ ਪਤਾ ਲੱਗਿਆ ਹੈ। ਮੰਤਰੀਆਂ ਦੇ ਇਸ ਤਜ਼ਰਬੇ ਦਾ ਮਤਲਬ ਸੀ ਕਿ ਉਹ ਵਿਕਲਾਂਗ ਲੋਕਾਂ ਵਾਸਤੇ ਵਧੀਆ ਨੀਤੀਆਂ ਬਣਾ ਸਕਣ ਜਿਹੜੀਆਂ ਕਿ ਉਨ੍ਹਾਂ ਦੀਆਂ ਅਸਲ ਮੁਸ਼ਕਿਲਾਂ ਨੂੰ ਘੱਟ ਕਰ ਸਕਣ।