Pakistan News : ਅਧਿਕਾਰੀਆਂ ਨੇ ਦਿਤੀ ਲੌਕਡਾਊਨ ਲਗਾਉਣ ਦੀ ਚੇਤਾਵਨੀ
Pakistan News : ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ’ਚ ਹਵਾ ਪ੍ਰਦੂਸ਼ਣ ਕਾਰਨ ਹਜ਼ਾਰਾਂ ਲੋਕਾਂ ਨੂੰ ਹਸਪਤਾਲਾਂ ਦਾ ਰੁਖ਼ ਕਰਨਾ ਪੈ ਰਿਹਾ ਹੈ। ਡਾਕਟਰਾਂ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਚੇਤਾਵਨੀ ਦਿਤੀ ਹੈ ਕਿ ਜੇਕਰ ਲੋਕ ਮਾਸਕ ਪਹਿਨਣ ਸਮੇਤ ਹੋਰ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ ਤਾਂ ਪੂਰੀ ਤਰ੍ਹਾਂ ਲੌਕਡਾਊਨ ਲਗਾਇਆ ਜਾ ਸਕਦਾ ਹੈ।
ਇਹ ਚੇਤਾਵਨੀ ਉਦੋਂ ਦਿਤੀ ਗਈ ਜਦੋਂ ਲੋਕ ਬਗ਼ੈਰ ਮਾਸਕ ਪਹਿਨੇ ਸੜਕਾਂ ’ਤੇ ਘੁੰਮਦੇ ਨਜ਼ਰ ਆਏ। ਡਾਕਟਰਾਂ ਨੇ ਕਿਹਾ ਹੈ ਕਿ ਜ਼ਿਆਦਾਤਰ ਲੋਕ ਖੰਘ ਅਤੇ ਅੱਖਾਂ ’ਚ ਜਲਣ ਦੀ ਸ਼ਿਕਾਇਤ ਕਰ ਰਹੇ ਹਨ।
ਪਾਕਿਸਤਾਨ ਮੈਡੀਕਲ ਐਸੋਸੀਏਸ਼ਨ ਦੇ ਉਪ ਪ੍ਰਧਾਨ ਸਲਮਾਨ ਕਾਜ਼ਮੀ ਨੇ ਕਿਹਾ, ‘‘ਪਿਛਲੇ ਹਫਤੇ ਸਾਹ ਦੀਆਂ ਸਮੱਸਿਆਵਾਂ ਤੋਂ ਪੀੜਤ ਹਜ਼ਾਰਾਂ ਲੋਕਾਂ ਦਾ ਹਸਪਤਾਲਾਂ ਅਤੇ ਕਲੀਨਿਕਾਂ ਵਿਚ ਇਲਾਜ ਕੀਤਾ ਗਿਆ।’’ ਉਨ੍ਹਾਂ ਕਿਹਾ, ‘‘ਤੁਸੀਂ ਲੋਕਾਂ ਨੂੰ ਖੰਘਦੇ ਵੇਖ ਸਕਦੇ ਹੋ, ਪਰ ਫਿਰ ਵੀ ਉਹ ਮਾਸਕ ਨਹੀਂ ਪਹਿਨਦੇ।’’
ਲਾਹੌਰ ਬੁਧਵਾਰ ਸਵੇਰੇ ਦੁਨੀਆਂ ਦਾ ਸੱਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ ਅਤੇ ਹਵਾ ਗੁਣਵੱਤਾ ਸੂਚਕ ਅੰਕ 1,100 ਦੇ ਅੰਕੜੇ ਨੂੰ ਪਾਰ ਕਰ ਗਿਆ। ਹਵਾ ਗੁਣਵੱਤਾ ਸੂਚਕ ਅੰਕ 300 ਤੋਂ ਉੱਪਰ ਹੋਣਾ ਸਿਹਤ ਲਈ ਖਤਰਨਾਕ ਮੰਨਿਆ ਜਾਂਦਾ ਹੈ। ਪਿਛਲੇ ਮਹੀਨੇ ਤੋਂ ਜ਼ਹਿਰੀਲੇ ‘ਸਮੋਗ’ (ਧੂੰਏਂ ਅਤੇ ਧੁੰਦਾ ਦਾ ਮਿਸ਼ਰਣ) ਨੇ ਸ਼ਹਿਰ ਨੂੰ ਅਪਣੀ ਲਪੇਟ ’ਚ ਲੈ ਲਿਆ ਹੈ।
ਪੰਜਾਬ ਸੂਬੇ ਦੀ ਸੀਨੀਅਰ ਮੰਤਰੀ ਮਰੀਅਮ ਔਰੰਗਜ਼ੇਬ ਨੇ ਲੋਕਾਂ ਨੂੰ ਸ਼ਹਿਰ ’ਚ ਮੁਕੰਮਲ ਲਾਕਡਾਊਨ ਤੋਂ ਬਚਣ ਲਈ ਮਾਸਕ ਪਹਿਨਣ ਦੀ ਸਲਾਹ ਦਿਤੀ ਹੈ। ਸ਼ਹਿਰ ਦੇ ਅਧਿਕਾਰੀਆਂ ਨੇ ਪਹਿਲਾਂ ਹੀ ਪ੍ਰਦੂਸ਼ਣ ਨੂੰ ਰੋਕਣ ਲਈ ਕਈ ਉਪਾਵਾਂ ਦਾ ਐਲਾਨ ਕੀਤਾ ਹੈ। (ਪੀਟੀਆਈ)
(For more news Thousands of people are falling sick due to air pollution in Lahore News in Punjabi, stay tuned to Rozana Spokesman)