
ਹੱਥਕੜੀਆਂ ਤੇ ਬੇੜੀਆਂ ਬਾਰੇ ਕੀ ਕਹਿੰਦਾ ਹੈ ਅਮਰੀਕੀ ਕਾਨੂੰਨ?
ਅਮਰੀਕਾ ਤੋਂ ਭਾਰਤ ਪਰਤਣ ਵਾਲੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹੱਥਕੜੀਆਂ ਅਤੇ ਬੇੜੀਆਂ ਪਹਿਨਾ ਕੇ ਵਾਪਸ ਭੇਜ ਦਿਤਾ ਗਿਆ। ਏਅਰਪੋਰਟ ’ਤੇ ਜਦੋਂ ਲੋਕ ਇਹ ਨਜ਼ਾਰਾ ਦੇਖ ਰਹੇ ਸਨ ਤਾਂ ਸਵਾਲ ਉਠਣ ਲੱਗੇ ਕਿ ਕੀ ਇਹ ਸਹੀ ਤਰੀਕਾ ਸੀ? ਕੀ ਇਹ ਮਨੁੱਖੀ ਢੰਗ ਨਾਲ ਨਹੀਂ ਕੀਤਾ ਜਾ ਸਕਦਾ ਸੀ? ਵਿਰੋਧੀ ਪਾਰਟੀਆਂ ਨੇ ਇਸ ’ਤੇ ਸਖ਼ਤ ਇਤਰਾਜ਼ ਜਤਾਇਆ, ਜਦਕਿ ਸਰਕਾਰ ਨੇ ਇਸ ਨੂੰ ਪੁਰਾਣੀ ਪ੍ਰਕਿਰਿਆ ਦਸਿਆ। ਪਰ ਅਸਲ ਸਵਾਲ ਇਹ ਹੈ ਕਿ ਅਮਰੀਕੀ ਕਾਨੂੰਨ ਕੀ ਕਹਿੰਦਾ ਹੈ? ਕੀ ਇਹ ਸੱਚਮੁੱਚ ਸਾਰੇ ਦੇਸ਼ਾਂ ਦੇ ਪ੍ਰਵਾਸੀਆਂ ਨਾਲ ਵਾਪਰਦਾ ਹੈ? ਇਸ ਸਾਰੀ ਪ੍ਰਕਿਰਿਆ ਦੇ ਪਿੱਛੇ ਦੇ ਨਿਯਮਾਂ ਅਤੇ ਸੱਚਾਈ ਨੂੰ ਸਮਝਣਾ ਬਹੁਤ ਜ਼ਰੂਰੀ ਹੋ ਗਿਆ ਹੈ।
ਗ਼ੈਰ-ਕਾਨੂੰਨੀ ਪ੍ਰਵਾਸੀ ਅਮਰੀਕਾ ਤੋਂ ਭਾਰਤ ਪਰਤੇ
ਅਮਰੀਕਾ ’ਚ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ ਹੈ। ਹਾਲ ਹੀ ਵਿਚ, ਅਮਰੀਕਾ ਤੋਂ ਭਾਰਤ ਪਰਤਣ ਵਾਲੇ 104 ਪ੍ਰਵਾਸੀਆਂ ਨੂੰ ਹੱਥਕੜੀਆਂ ਅਤੇ ਬੇੜੀਆਂ ਪਹਿਨਾ ਕੇ ਵਾਪਸ ਭੇਜ ਦਿਤਾ ਗਿਆ, ਜਿਸ ਨਾਲ ਇਹ ਸਵਾਲ ਉਠਦਾ ਹੈ ਕਿ ਕੀ ਇਹ ਅਣਮਨੁੱਖੀ ਸਲੂਕ ਸੀ। ਇਸ ਮੁੱਦੇ ’ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੰਸਦ ’ਚ ਦਸਿਆ ਕਿ ਇਹ ਕੋਈ ਨਵੀਂ ਪ੍ਰਕਿਰਿਆ ਨਹੀਂ ਹੈ ਅਤੇ ਇਹ ਕਈ ਸਾਲਾਂ ਤੋਂ ਚੱਲ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਔਰਤਾਂ ਅਤੇ ਬੱਚਿਆਂ ਨੂੰ ਕਦੇ ਵੀ ਬੰਨਿ੍ਹਆ ਨਹੀਂ ਜਾਂਦਾ। ਹਾਲਾਂਕਿ ਵਿਰੋਧੀ ਪਾਰਟੀਆਂ ਨੇ ਇਸ ’ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਇਸ ਨੂੰ ਭਾਰਤੀਆਂ ਨਾਲ ਅਨੁਚਿਤ ਵਿਵਹਾਰ ਦਸਿਆ ਹੈ।
ਅਮਰੀਕਾ ’ਚ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਪ੍ਰਕਿਰਿਆ
ਅਮਰੀਕੀ ਕਾਨੂੰਨ ਮੁਤਾਬਕ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਕੇਂਦਰਾਂ ’ਚ ਰਖਿਆ ਜਾਂਦਾ ਹੈ ਅਤੇ ਜਦੋਂ ਉਨ੍ਹਾਂ ਨੂੰ ਡਿਪੋਰਟ ਕੀਤਾ ਜਾਂਦਾ ਹੈ ਤਾਂ ਸੁਰੱਖਿਆ ਕਾਰਨਾਂ ਕਰ ਕੇ ਫ਼ਲਾਈਟ ’ਚ ਉਨ੍ਹਾਂ ਦੇ ਹੱਥਾਂ, ਕਮਰ ਅਤੇ ਲੱਤਾਂ ’ਤੇ ਬੇੜੀਆਂ ਪਾ ਦਿਤੀਆਂ ਜਾਂਦੀਆਂ ਹਨ। ਇਹ ਨਿਯਮ 2012 ਤੋਂ ਲਾਗੂ ਹੈ ਅਤੇ ਇਸ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਡਿਟੇਂਸ਼ਨ ਉਡਾਣਾਂ ’ਤੇ ਯਾਤਰੀਆਂ ਨੂੰ ਸਿਰਫ਼ 18 ਕਿਲੋਗ੍ਰਾਮ ਤਕ ਦਾ ਬੈਗ ਲਿਜਾਣ ਦੀ ਇਜਾਜ਼ਤ ਹੁੰਦੀ ਹੈ ਅਤੇ ਆਵਾਜਾਈ ਦੌਰਾਨ ਭੋਜਨ ਵੀ ਦਿਤਾ ਜਾਂਦਾ ਹੈ। ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ, ਮੈਡੀਕਲ ਸਟਾਫ਼ ਅਤੇ ਸੁਰੱਖਿਆ ਗਾਰਡ ਵੀ ਇਨ੍ਹਾਂ ਉਡਾਣਾਂ ਵਿਚ ਮੌਜੂਦ ਹੁੰਦੇ ਹਨ।
ਭਾਰਤ ’ਚ ਇਸ ਮੁੱਦੇ ’ਤੇ ਵਧਿਆ ਵਿਵਾਦ
ਇਸ ਮਾਮਲੇ ’ਤੇ ਭਾਰਤ ’ਚ ਸਿਆਸੀ ਬਹਿਸ ਜਾਰੀ ਹੈ। ਵਿਰੋਧੀ ਧਿਰ ਨੇ ਸਰਕਾਰ ਨੂੰ ਇਸ ਮੁੱਦੇ ’ਤੇ ਸਖ਼ਤ ਰੁਖ ਅਪਣਾਉਣ ਦੀ ਮੰਗ ਕਰਦਿਆਂ ਇਸ ਨੂੰ ਭਾਰਤੀਆਂ ਦੇ ਸਨਮਾਨ ਵਿਰੁਧ ਕਰਾਰ ਦਿਤਾ ਹੈ। ਹਾਲਾਂਕਿ ਅਮਰੀਕੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਤੈਅ ਪ੍ਰਕਿਰਿਆ ਹੈ, ਜੋ ਸਾਰੇ ਦੇਸ਼ਾਂ ਦੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ’ਤੇ ਬਰਾਬਰ ਲਾਗੂ ਹੁੰਦੀ ਹੈ। ਹੁਣ ਦੇਖਣਾ ਇਹ ਹੈ ਕਿ ਇਸ ’ਤੇ ਅੱਗੇ ਕੀ ਕਦਮ ਚੁੱਕੇ ਜਾਂਦੇ ਹਨ ਅਤੇ ਇਸ ਪ੍ਰਕਿਰਿਆ ’ਚ ਕੋਈ ਬਦਲਾਅ ਹੁੰਦਾ ਹੈ ਜਾਂ ਨਹੀਂ।