
ਅਮਰੀਕਾ ਦੇ ਆਇਓਵਾ ਸੂਬੇ 'ਚ ਆਏ ਭਿਆਨਕ ਤੂਫਾਨ 'ਚ 2 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ।
ਆਇਓਵਾ: ਅਮਰੀਕਾ ਦੇ ਆਇਓਵਾ ਸੂਬੇ 'ਚ ਆਏ ਭਿਆਨਕ ਤੂਫਾਨ 'ਚ 2 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਤੂਫਾਨ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਮੈਡੀਸਨ ਕਾਊਂਟੀ ਦੇ ਆਫ਼ਤ ਪ੍ਰਬੰਧਨ ਅਧਿਕਾਰੀਆਂ ਨੇ ਦੱਸਿਆ ਕਿ ਤੂਫ਼ਾਨ ਸਥਾਨਕ ਸਮੇਂ ਅਨੁਸਾਰ ਸ਼ਾਮ 4:30 ਵਜੇ ਡੇਸ ਮੋਇਨੇਸ ਖੇਤਰ ਨਾਲ ਟਕਰਾ ਗਿਆ ਅਤੇ ਚਾਰ ਲੋਕ ਜ਼ਖਮੀ ਹੋ ਗਏ।
ਉਹਨਾਂ ਦੱਸਿਆ ਕਿ ਮਰਨ ਵਾਲਿਆਂ ਵਿਚ ਬੱਚੇ ਵੀ ਸ਼ਾਮਲ ਹਨ। ਮਾਰੇ ਗਏ ਲੋਕਾਂ ਵਿਚ ਸਭ ਤੋਂ ਵੱਡੀ ਉਮਰ ਦਾ 72 ਸਾਲਾ ਵਿਅਕਤੀ ਤੇ ਸਭ ਤੋਂ ਛੋਟੀ ਉਮਰ ਦਾ 2 ਸਾਲਾਂ ਦਾ ਬੱਚਾ ਸ਼ਾਮਿਲ ਹੈ। ਡੇਸ ਮੋਇਨਸ ਵਿਚਲੇ ਕੌਮੀ ਮੌਸਮ ਸੇਵਾ ਦਫ਼ਤਰ ਅਨੁਸਾਰ ਤੂਫ਼ਾਨ ਦੌਰਾਨ ਘੱਟੋ ਘੱਟ 136 ਤੋਂ 151 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ।
ਮੈਡੀਸਨ ਕਾਊਂਟੀ ਦੇ ਆਫ਼ਤ ਪ੍ਰਬੰਧਨ ਨਿਰਦੇਸ਼ਕ ਡਿਓਜੈਨਸ ਅਇਲਾ ਨੇ ਕਿਹਾ ਕਿ ਤੂਫ਼ਾਨ ਨਾਲ 25 ਤੋਂ 30 ਘਰ ਬੁਰੀ ਤਰ੍ਹਾਂ ਨੁਕਸਾਨੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਤੋਂ ਬਾਅਦ ਦਰਖ਼ਤ ਡਿੱਗਣ ਨਾਲ ਕਈ ਸੜਕਾਂ ਬੰਦ ਹੋ ਗਈਆਂ ਅਤੇ ਬਿਜਲੀ ਸਪਲਾਈ ਵਿਚ ਵਿਘਨ ਪਿਆ, ਜਿਸ ਨਾਲ ਡੇਸ ਮੋਇਨੇਸ ਖੇਤਰ ਵਿਚ ਕਰੀਬ 10,000 ਲੋਕ ਪ੍ਰਭਾਵਿਤ ਹੋਏ।