
ਪਾਕਿਸਤਾਨ 'ਚ ਤੇਲ ਟੈਂਕਰ ਹਾਦਸੇ ਕਾਰਨ ਅੱਜ ਈਦ ਦੀ ਰੌਣਕ ਘੱਟ ਰਹੀ। ਭਿਆਨਕ ਧਮਾਕੇ 'ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 157 ਹੋ ਗਈ। ਪੀੜ੍ਹਤਾਂ ਦੇ ਪਰਵਾਰਕ ਮੈਂਬਰਾਂ..
ਲਾਹੌਰ, 26 ਜੂਨ : ਪਾਕਿਸਤਾਨ 'ਚ ਤੇਲ ਟੈਂਕਰ ਹਾਦਸੇ ਕਾਰਨ ਅੱਜ ਈਦ ਦੀ ਰੌਣਕ ਘੱਟ ਰਹੀ। ਭਿਆਨਕ ਧਮਾਕੇ 'ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 157 ਹੋ ਗਈ। ਪੀੜ੍ਹਤਾਂ ਦੇ ਪਰਵਾਰਕ ਮੈਂਬਰਾਂ ਅਪਣਿਆਂ ਦੀਆਂ ਲਾਸ਼ਾਂ ਦੀ ਪਛਾਣ ਲਈ ਹਸਪਤਾਲ ਪਹੁੰਚ ਰਹੇ ਹਨ। ਇਨ੍ਹਾਂ 'ਚ ਜ਼ਿਆਦਾਤਰ ਇੰਜ ਸੜ ਗਏ ਹਨ ਕਿ ਪਛਾਣ ਵੀ ਨਹੀਂ ਹੋ ਸਕੀ ਹੈ। ਜ਼ਿਕਰਯੋਗ ਹੈ ਕਿ ਇਹ ਹਾਦਸਾ ਈਦ ਤੋਂ ਇਕ ਦਿਨ ਪਹਿਲਾਂ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਬਹਾਵਲਪੁਰ ਜ਼ਿਲ੍ਹੇ ਵਿਚ ਇਕ ਰਾਜ ਮਾਰਗ 'ਤੇ ਉਸ ਸਮੇਂ ਹੋਇਆ, ਜਦੋਂ 40 ਹਜ਼ਾਰ ਲਿਟਰ ਪਟਰੌਲ ਨਾਲ ਭਰਿਆ ਇਕ ਟੈਂਕਰ ਪਲਟ ਗਿਆ। ਟੈਂਕਰ ਦੇ ਨੁਕਸਾਨੇ ਗਏ ਕੰਟੇਨਰ ਵਿਚੋਂ ਪਟਰੌਲ ਰਿਸਣਾ ਸ਼ੁਰੂ ਹੋ ਗਿਆ, ਜਿਸ ਨੂੰ ਵੇਖ ਕੇ ਆਲੇ-ਦੁਆਲੇ ਦੇ ਲੋਕ ਤੇਲ ਇਕੱਠਾ ਕਰਨ ਲਈ ਪੁੱਜ ਗਏ। ਇਸੇ ਦਰਮਿਆਨ ਕਿਸੇ ਨੇ ਬੀੜੀ ਸੁਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਅੱਗ ਲੱਗ ਗਈ। ਕੁੱਝ ਹੀ ਪਲਾਂ ਵਿਚ ਅੱਗੇ ਨੇ ਭਾਂਬੜ ਦਾ ਰੂਪ ਲੈ ਲਿਆ ਅਤੇ ਵੱਡਾ ਧਮਾਕਾ ਹੋ ਗਿਆ। ਬਹਾਵਲਪੁਰ ਦੇ ਜ਼ਿਲ੍ਹਾ ਅਧਿਕਾਰੀ ਰਾਣਾ ਸਲੀਮ ਅਫ਼ਜ਼ਲ ਨੇ ਇਸ ਧਮਾਕੇ ਨੂੰ ਪਾਕਿਸਤਾਨ ਦੇ ਇਤਿਹਾਸ ਦੀ ਸੱਭ ਤੋਂ ਵੱਡੀ ਤ੍ਰਾਸਦੀ ਦਸਿਆ ਸੀ। 100 ਤੋਂ ਵੱਧ ਜ਼ਖ਼ਮੀਆਂ ਨੂੰ ਬਹਾਵਲਪੁਰ ਦੇ ਜ਼ਿਲ੍ਹਾ ਸਦਰ ਹਸਪਤਾਲ ਅਤੇ ਵਿਕਟੋਰੀਆ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਜ਼ਖ਼ਮੀਆਂ ਵਿਚ ਮਹਿਲਾਵਾਂ ਅਤੇ ਬੱਚੇ ਵੀ ਸ਼ਾਮਲ ਹਨ।ਇਹ ਟੈਂਕਰ ਕਰਾਚੀ ਤੋਂ ਲਾਹੌਰ ਜਾ ਰਿਹਾ ਸੀ ਜਦੋਂ ਬਹਾਵਲਪੁਰ ਜ਼ਿਲ੍ਹੇ ਦੇ ਅਹਿਮਦਪੁਰ ਸ਼ਰਕੀਆ ਇਲਾਕੇ ਵਿਚ ਕੌਮੀ ਰਾਜ ਮਾਰਗ 'ਤੇ ਟਾਇਰ ਫਟਣ ਕਾਰਨ ਪਲਟ ਗਿਆ। ਅਪਣੇ ਪਰਵਾਰ ਨਾਲ ਈਦ ਮਨਾਉਣ ਲੰਦਨ ਗਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵਾਪਸ ਪਰਤ ਆਏ ਹਨ ਅਤੇ ਸੋਮਵਾਰ ਸਵੇਰੇ ਪੀੜ੍ਹਤਾਂ ਨੂੰ ਵੇਖਣ ਲਈ ਇਥੇ ਪੁੱਜੇ। (ਪੀਟੀਆਈ)