
ਟਰੰਪ ਪ੍ਰਸ਼ਾਸਨ ਇਸ ਫ਼ੈਸਲੇ ਦਾ ਐਲਾਨ ਸੋਮਵਾਰ ਨੂੰ ਕਰ ਸਕਦਾ
ਵਾਸ਼ਿੰਗਟਨ: ਈਰਾਨ ਨਾਲ ਪਰਮਾਣੂ ਸਮਝੌਤਾ ਤੋੜਨ ਪਿਛੋਂ ਅਮਰੀਕਾ ਲਗਾਤਾਰ ਉਸ 'ਤੇ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਇਸ ਕੋਸ਼ਿਸ਼ ਵਿਚ ਅਮਰੀਕਾ ਹੁਣ ਈਰਾਨ ਦੇ ਵਿਸ਼ੇਸ਼ ਫ਼ੌਜੀ ਬਲ ਰਿਵੋਲੂਸ਼ਨਰੀ ਗਾਰਡਸ ਨੂੰ ਅਤਿਵਾਦੀ ਐਲਾਨਣ ਦੀ ਤਿਆਰੀ ਕਰ ਰਿਹਾ ਹੈ। ਇਸ ਖ਼ਬਰ 'ਤੇ ਈਰਾਨ ਦੇ ਸੀਨੀਅਰ ਐਮਪੀ ਹਸ਼ਮਤੋਲਾਹ ਨੇ ਟਵਿੱਟਰ 'ਤੇ ਲਿਖਿਆ ਕਿ ਜੇਕਰ ਅਮਰੀਕਾ ਅਜਿਹਾ ਕਰਦਾ ਹੈ ਤਾਂ ਉਸ ਨੂੰ ਵੀ ਅਜਿਹਾ ਹੀ ਜਵਾਬ ਦਿਤਾ ਜਾਵੇਗਾ।
Donald Trump
ਈਰਾਨ ਵੀ ਅਮਰੀਕੀ ਫ਼ੌਜ ਨੂੰ ਕਾਲੀ ਸੂਚੀ ਵਿਚ ਪਾ ਦੇਵੇਗਾ। ਈਰਾਨ ਦੇ ਰਿਵੋਲੂਸ਼ਨਰੀ ਗਾਰਡਸ ਨੂੰ ਜੇਕਰ ਅਤਿਵਾਦੀ ਜਮਾਤ ਐਲਾਨਿਆ ਜਾਂਦਾ ਹੈ ਤਾਂ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਅਮਰੀਕਾ ਕਿਸੇ ਦੂਜੇ ਦੇਸ਼ ਦੀ ਫ਼ੌਜ 'ਤੇ ਇਸ ਤਰ੍ਹਾਂ ਦਾ ਰਸਮੀ ਲੇਬਲ ਲਗਾਏਗਾ। ਅਮਰੀਕਾ ਦੇ 'ਵਾਲ ਸਟਰੀਟ ਜਰਨਲ' ਅਖ਼ਬਾਰ ਨੇ ਅਣਪਛਾਤੇ ਅਧਿਕਾਰੀਆਂ ਦੇ ਹਵਾਲੇ ਨਾਲ ਸ਼ੁੱਕਰਵਾਰ ਨੂੰ ਕਿਹਾ ਕਿ ਟਰੰਪ ਪ੍ਰਸ਼ਾਸਨ ਇਸ ਫ਼ੈਸਲੇ ਦਾ ਐਲਾਨ ਸੋਮਵਾਰ ਨੂੰ ਕਰ ਸਕਦਾ ਹੈ।
ਇਸ ਖ਼ਬਰ 'ਤੇ ਵਿਦੇਸ਼ ਮੰਤਰਾਲੇ ਅਤੇ ਵਾਈਟ ਹਾਊਸ ਵਲੋਂ ਅਜੇ ਕੋਈ ਬਿਆਨ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਸਾਲ ਮਈ 'ਚ ਈਰਾਨ ਨਾਲ ਹੋਏ ਪਰਮਾਣੂ ਸਮਝੌਤੇ ਤੋਂ ਅਮਰੀਕਾ ਦੇ ਹਟਣ ਦਾ ਐਲਾਨ ਕੀਤਾ ਸੀ। ਇਸ ਪਿੱਛੋਂ ਈਰਾਨ 'ਤੇ ਕਈ ਸਖ਼ਤ ਪਾਬੰਦੀਆਂ ਲਗਾ ਦਿਤੀਆਂ ਗਈਆਂ ਸਨ। ਅਤਿਵਾਦੀ ਜਮਾਤਾਂ ਦਾ ਸਮੱਰਥਨ ਕਰਨ ਅਤੇ ਬੈਲਿਸਟਿਕ ਮਿਜ਼ਾਈਲਾਂ ਦੇ ਵਿਕਾਸ ਨੂੰ ਲੈ ਕੇ ਈਰਾਨ 'ਤੇ ਇਹ ਕਾਰਵਾਈ ਕੀਤੀ ਗਈ ਸੀ।
Iran Army
ਈਰਾਨ ਨੇ ਸਾਲ 2015 ਵਿਚ ਅਮਰੀਕਾ, ਰੂਸ, ਚੀਨ, ਬਿ੍ਟੇਨ, ਫਰਾਂਸ ਅਤੇ ਜਰਮਨੀ ਨਾਲ ਪਰਮਾਣੂ ਸਮਝੌਤਾ ਕੀਤਾ ਸੀ। ਰਿਵੋਲੂਸ਼ਨਰੀ ਗਾਰਡਸ ਦਾ ਗਠਨ 1979 'ਚ ਹੋਈ ਇਸਲਾਮਿਕ ਕ੍ਰਾਂਤੀ ਪਿਛੋਂ ਕੀਤਾ ਗਿਆ ਸੀ। ਇਹ ਵਿਸ਼ੇਸ਼ ਬਲ ਇਸਲਾਮਿਕ ਗਣਤੰਤਰ ਪ੍ਰਣਾਲੀ ਦੀ ਰੱਖਿਆ ਕਰਦਾ ਹੈ। ਇਸ ਬਲ ਨੂੰ ਈਰਾਨ 'ਚ ਆਰਥਿਕ ਹਿੱਤ ਸਮੇਤ ਕਈ ਤਰ੍ਹਾਂ ਦੀ ਸ਼ਕਤੀਆਂ ਮਿਲੀਆਂ ਹੋਈਆਂ ਹਨ। ਇਹ ਬਲ ਸੀਰੀਆਈ ਰਾਸ਼ਟਰਪਤੀ ਬਸ਼ਰ ਅਲ-ਅਸਦ ਅਤੇ ਲਿਬਨਾਨ ਵਿਚ ਹਿਜਬੁੱਲਾ ਸਮੇਤ ਈਰਾਨ ਨਾਲ ਜੁੜੇ ਬਲਾਂ ਦਾ ਸਮੱਰਥਨ ਕਰਦਾ ਹੈ।