
ਮੈਨਹਟਨ 'ਚ ਰਹਿਣ ਵਾਲੇ ਜੋੜੇ ਨੇ ਮਹਿਮਾਨਾਂ ਨੂੰ ਐਪ ਰਾਹੀਂ ਉਹਨਾਂ ਦੇ ਗਿਫਟ ਕੈਸ਼ ਸਿੱਧੇ ਬੈਂਕ ਖਾਤੇ 'ਚ ਭੇਜਣ ਦਾ ਵਿਕਲਪ ਦਿੱਤਾ।
ਵਾਸ਼ਿੰਗਟਨ: ਅਮਰੀਕਾ ਵਿਚ ਵਿਆਹ ਵਾਲੇ ਜੋੜਿਆਂ ਵਿਚ ਇਹਨੀਂ ਦਿਨੀਂ ਨਵਾਂ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ ਲਾੜਾ-ਲਾੜੀ ਦੋਸਤਾਂ ਅਤੇ ਰਿਸ਼ਤੇਦਾਰਾਂ ਕੋਲੋਂ ਵਿਆਹ 'ਤੇ ਮਿਲਣ ਵਾਲੇ ਤੋਹਫਿਆਂ ਦੀ ਬਜਾਏ ਪੈਸਿਆਂ ਦੀ ਮੰਗ ਕਰ ਰਹੇ ਹਨ। 17 ਅਪ੍ਰੈਲ ਨੂੰ ਕੈਥਰੀਨ ਹੋਵ ਅਤੇ ਪੈਟਰਿਕ ਵਾਲਸ਼ ਦਾ ਵਿਆਹ ਸੀ। ਇਸ ਦੌਰਾਨ ਉਹਨਾਂ ਕੋਲ ਸਭ ਕੁੱਝ ਸੀ ਸਿਵਾਏ ਅਪਣੇ ਘਰ ਤੋਂ। ਇਸ ਦੇ ਲਈ ਉਹਨਾਂ ਕੋਲ ਪੈਸੇ ਨਹੀਂ ਸਨ। ਅਪਣੇ ਵਿਆਹ ਦੇ ਸੱਦਾ ਪੱਤਰ ਵਿਚ ਉਹਨਾਂ ਸਾਰੇ ਰਿਸ਼ਤੇਦਾਰਾਂ ਅਤੇ ਦੋਸਤਾਂ ਲਈ ਖ਼ਾਸ ਸੰਦੇਸ਼ ਲਿਖਿਆ।
ਉਹਨਾਂ ਲਿਖਿਆ, “ਵਿਆਹ 'ਤੇ ਆਓ, ਖਾਣਾ ਖਾਓ, ਮਠਿਆਈ ਖਾਓ, ਨਕਦ ਪੈਸੇ ਦਿਓ, ਤਾਂ ਜੋ ਨਵਾਂ ਵਿਆਹਿਆ ਜੋੜਾ ਅਪਣੇ ਲਈ ਘਰ ਖਰੀਦ ਸਕੇ”। ਵਾਲਸ਼ ਦਾ ਕਹਿਣਾ ਹੈ ਕਿ ਬਹੁਤ ਸਾਰੇ ਅਣਚਾਹੇ ਤੋਹਫ਼ਿਆਂ ਨਾਲੋਂ ਚੰਗਾ ਹੈ ਕਿ ਅਸੀਂ ਲੋੜ ਵਾਲਾ ਸਮਾਨ ਹੀ ਰੱਖੀਏ। ਇਕ ਐਂਟੀਕ ਕੰਪਨੀ ਦੇ ਸੰਸਥਾਪਕ ਜੋਡੀ ਸਮਿਥ ਦਾ ਕਹਿਣਾ ਹੈ ਕਿ ਭਾਵੇਂ ਸਾਲਾਂ ਤੋਂ ਅਮਰੀਕੀ ਸੱਭਿਆਚਾਰ ਵਿਚ ਤੋਹਫ਼ੇ ਵਜੋਂ ਪੈਸੇ ਨੂੰ ਸਵੀਕਾਰ ਕਰਨਾ ਇਕ ਰਿਵਾਜ ਰਿਹਾ ਹੈ ਪਰ ਇਸ ਨੂੰ ਸ਼ਰੇਆਮ ਮੰਗਣਾ ਨਿਮਰ ਨਹੀਂ ਮੰਨਿਆ ਜਾਂਦਾ ਹੈ। ਹਾਲਾਂਕਿ ਹੁਣ ਨਜ਼ਰੀਆ ਬਦਲ ਗਿਆ ਹੈ।
ਇਕ ਹੋਰ ਵੈੱਬਸਾਈਟ ਜੋਲਾ ਨੇ 2020 ਵਿਚ ਵੈੱਬਸਾਈਟ 'ਤੇ ਕੈਸ਼ ਫੰਡ ਵਿਕਲਪ ਸ਼ੁਰੂ ਕੀਤਾ ਸੀ। ਇਸ ਵਿਚ ਨਵੇਂ ਵਿਆਹੇ ਜੋੜੇ ਘਰ ਦੀ ਮੁਰੰਮਤ, ਪਾਲਤੂ ਜਾਨਵਰਾਂ ਨੂੰ ਗੋਦ ਲੈਣ ਅਤੇ ਵਿਸ਼ਵ ਟੂਰ ਲਈ ਨਕਦ ਮੰਗ ਸਕਦੇ ਸਨ। ਮੋਬਾਈਲ ਭੁਗਤਾਨ ਐਪਸ ਨੇ ਇਸ ਸਹੂਲਤ ਨੂੰ ਆਸਾਨ ਬਣਾ ਦਿੱਤਾ ਹੈ। ਇਸ ਦੇ ਜ਼ਰੀਏ ਮੈਨਹਟਨ 'ਚ ਰਹਿਣ ਵਾਲੇ ਜੋੜੇ ਨੇ ਮਹਿਮਾਨਾਂ ਨੂੰ ਐਪ ਰਾਹੀਂ ਉਹਨਾਂ ਦੇ ਗਿਫਟ ਕੈਸ਼ ਸਿੱਧੇ ਬੈਂਕ ਖਾਤੇ 'ਚ ਭੇਜਣ ਦਾ ਵਿਕਲਪ ਦਿੱਤਾ।
ਉਹਨਾਂ ਅਨੁਸਾਰ ਮਹਿਮਾਨਾਂ ਨੂੰ ਇਹ ਵੱਖਰਾ ਲੱਗਿਆ। ਇਸ ਨਾਲ ਉਹ ਆਸਾਨੀ ਨਾਲ ਸਮਝ ਸਕਦੇ ਹਨ ਕਿ ਜੋੜੇ ਦੀ ਤਰਜੀਹ ਕੀ ਹੈ। ਬਰਡੀ ਨਾਮਕ ਇਕ ਮੋਬਾਈਲ ਭੁਗਤਾਨ ਐਪ ਨਕਦੀ ਭੇਜਣ ਦੇ ਨਾਲ ਡਿਜੀਟਲ ਕਾਰਡ ਭੇਜਣ ਦਾ ਵਿਕਲਪ ਪੇਸ਼ ਕਰ ਰਿਹਾ ਹੈ।