
ਇਹ ਚਾਰੇ ਵਿਦਿਆਰਥੀ ਵੇਲੀਕੀ ਨੋਵਗੋਰੋਡ ਸ਼ਹਿਰ ਵਿਚ ਸਥਿਤ ਨੋਵਗੋਰੋਡ ਸਟੇਟ ਯੂਨੀਵਰਸਿਟੀ ਵਿਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਸਨ
Indian students drowned: ਰੂਸ ਵਿਚ ਸੇਂਟ ਪੀਟਰਸਬਰਗ ਨੇੜੇ ਇਕ ਨਦੀ ਵਿਚ ਡੁੱਬਣ ਨਾਲ ਚਾਰ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਇਥੇ ਭਾਰਤੀ ਮਿਸ਼ਨ ਰੂਸੀ ਅਧਿਕਾਰੀਆਂ ਨਾਲ ਸੰਪਰਕ ਵਿਚ ਹੈ ਕਿ ਉਹ ਜਲਦੀ ਤੋਂ ਜਲਦੀ ਉਨ੍ਹਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਤਕ ਪਹੁੰਚਾ ਦੇਣ।
ਇਹ ਚਾਰੇ ਵਿਦਿਆਰਥੀ ਵੇਲੀਕੀ ਨੋਵਗੋਰੋਡ ਸ਼ਹਿਰ ਵਿਚ ਸਥਿਤ ਨੋਵਗੋਰੋਡ ਸਟੇਟ ਯੂਨੀਵਰਸਿਟੀ ਵਿਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਸਨ। ਇਨ੍ਹਾਂ ਵਿਚ 18 ਤੋਂ 20 ਸਾਲ ਦੀ ਉਮਰ ਦੇ ਦੋ ਲੜਕੇ ਅਤੇ ਦੋ ਲੜਕੀਆਂ ਸਨ। ਸਥਾਨਕ ਮੀਡੀਆ ਦੇ ਅਨੁਸਾਰ, ਇਕ ਭਾਰਤੀ ਵਿਦਿਆਰਥੀ ਵੋਲਖੋਵ ਨਦੀ ਵਿਚ ਕੰਢੇ ਤੋਂ ਬਹੁਤ ਦੂਰ ਚਲਾ ਗਿਆ ਸੀ ਅਤੇ ਡੁੱਬਣ ਲੱਗਿਆ, ਉਸ ਦੇ ਸਾਥੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।
ਖਬਰਾਂ ਮੁਤਾਬਕ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਤਿੰਨ ਹੋਰ ਵਿਦਿਆਰਥੀ ਨਦੀ 'ਚ ਡੁੱਬ ਗਏ। ਇਕ ਲੜਕੇ ਨੂੰ ਸਥਾਨਕ ਲੋਕਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ। ਮਾਸਕੋ ਸਥਿਤ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ, "ਅਸੀਂ ਜਲਦੀ ਤੋਂ ਜਲਦੀ ਲਾਸ਼ਾਂ ਪਰਿਵਾਰਾਂ ਨੂੰ ਵਾਪਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।" ਜਿਸ ਵਿਦਿਆਰਥੀ ਦੀ ਜਾਨ ਬਚ ਗਈ, ਉਸ ਦਾ ਸਹੀ ਇਲਾਜ ਕੀਤਾ ਜਾ ਰਿਹਾ ਹੈ।
ਸੇਂਟ ਪੀਟਰਸਬਰਗ ਵਿਚ ਭਾਰਤੀ ਕੌਂਸਲੇਟ ਜਨਰਲ ਨੇ ਕਿਹਾ ਕਿ ਵਿਦਿਆਰਥੀ ਵੇਲੀਕੀ ਵਿਚ ਨੋਵਗੋਰੋਡ ਸਟੇਟ ਯੂਨੀਵਰਸਿਟੀ ਵਿਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਸਨ। ਉਨ੍ਹਾਂ ਨੇ 'ਐਕਸ' 'ਤੇ ਲਿਖਿਆ, "ਦੁਖੀ ਪਰਿਵਾਰਾਂ ਪ੍ਰਤੀ ਸਾਡੀ ਸੰਵੇਦਨਾ।" ਉਨ੍ਹਾਂ ਕਿਹਾ ਕਿ ਲਾਸ਼ ਨੂੰ ਜਲਦੀ ਤੋਂ ਜਲਦੀ ਪਰਿਵਾਰ ਨੂੰ ਵਾਪਸ ਕਰਨ ਲਈ ਵੇਲੀਕੀ ਨੋਵਗੋਰੋਡ ਦੇ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਕੌਂਸਲੇਟ ਜਨਰਲ ਨੇ ਕਿਹਾ, “ਪੀੜਤ ਪਰਿਵਾਰਾਂ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਤਾ ਗਿਆ ਹੈ”।
(For more Punjabi news apart from Four Indian students drowned in a river in Russia, stay tuned to Rozana Spokesman)