
ਹੌਫ਼ਸਟ੍ਰਾ ਯੂਨੀਵਰਸਿਟੀ ਵੱਲੋਂ ਦਿੱਤੀ ਜਾਵੇਗੀ ਕਰੀਬ 41 ਲੱਖ ਰੁਪਏ ਦੀ ਇਨਾਮੀ ਰਾਸ਼ੀ
ਧਰਮ ਦੀ ਅੰਦਰੂਨੀ ਸਮਝ ਨੂੰ ਵਧਾਉਣ ਲਈ ਕੀਤੇ ਮਹੱਤਵਪੂਰਨ ਕੰਮਾਂ ਵਾਸਤੇ ਦਿੱਤਾ ਜਾਂਦਾ ਹੈ ਇਨਾਮ
14 ਨਵੰਬਰ ਨੂੰ ਨਿਊਯਾਰਕ ਦੇ ਵੁੱਡਬਰੀ ਵਿਖੇ ਹੋਵੇਗੀ ਪੁਰਸਕਾਰ ਦੀ ਰਸਮੀ ਪੇਸ਼ਕਾਰੀ
ਨਿਊਯਾਰਕ: ਸਿੰਗਾਪੁਰ ਸਥਿਤ ਸਿੱਖ ਖੋਜਕਾਰ ਅਤੇ ਦਸਤਾਵੇਜ਼ੀ ਫਿਲਮ ਨਿਰਮਾਤਾ ਅਮਰਦੀਪ ਸਿੰਘ ਨੂੰ ਸਾਲ 2022 ਲਈ 'ਦਿ ਗੁਰੂ ਨਾਨਕ ਇੰਟਰਫੇਥ ਪ੍ਰਾਈਜ਼' ਨਾਲ ਸਨਮਾਨਿਤ ਕੀਤਾ ਗਿਆ ਹੈ। 50 ਹਜ਼ਾਰ ਡਾਲਰ ਯਾਨੀ ਕਰੀਬ 41,15,120 ਰੁਪਏ ਦੀ ਇਨਾਮੀ ਰਾਸ਼ੀ ਵਾਲਾ ਇਹ ਇਨਾਮ ਨਿਊਯਾਰਕ ਦੀ ਹੌਫ਼ਸਟ੍ਰਾ ਯੂਨੀਵਰਸਿਟੀ ਵੱਲੋਂ ਹਰ ਦੋ ਸਾਲ ਬਾਅਦ ਦਿੱਤਾ ਜਾਂਦਾ ਹੈ।
ਇਹ ਇਨਾਮ ਵੱਖ-ਵੱਖ ਧਰਮਾਂ ਦੀ ਅੰਦਰੂਨੀ ਸਮਝ ਵਧਾਉਣ ਲਈ ਕੀਤੇ ਗਏ ਮਹੱਤਵਪੂਰਨ ਕੰਮਾਂ ਵਾਸਤੇ ਪਾਏ ਯੋਗਦਾਨ ਨੂੰ ਧਿਆਨ ਵਿਚ ਰੱਖ ਕੇ ਦਿੱਤਾ ਜਾਂਦਾ ਹੈ। ਬਰੁਕਵਿਲ, ਨਿਊਯਾਰਕ ਵਿੱਚ ਈਸ਼ਰ ਬਿੰਦਰਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ 2006 ਵਿੱਚ ਇਸ ਪੁਰਸਕਾਰ ਦੀ ਸ਼ੁਰੂਆਤ ਕੀਤੀ ਗਈ ਸੀ ਸਥਾਪਿਤ ਕੀਤਾ ਗਿਆ। ਇਹ ਪੁਰਸਕਾਰ ਵੱਖ-ਵੱਖ ਧਰਮਾਂ ਦੀ ਸਮਝ ਨੂੰ ਉਤਸ਼ਾਹਿਤ ਕਰਨ ਅਤੇ ਭਾਈਚਾਰਿਆਂ ਵਿਚਕਾਰ ਵਿਸ਼ਵਾਸ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਦਿੱਤਾ ਜਾਂਦਾ ਹੈ।
ਸਿੱਖ ਧਰਮ ਬਾਰੇ ਕੀਤੀ ਖੋਜ ਅਤੇ ਪਾਏ ਆਪਣੇ ਯੋਗਦਾਨ ਲਈ ਅਮਰਦੀਪ ਸਿੰਘ ਨੂੰ ਇਹ ਇਨਾਮ ਮਿਲ ਰਿਹਾ ਹੈ। ਅਮਰਦੀਪ ਸਿੰਘ ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿਚ ਜਨਮੇ ਅਤੇ ਆਪਣੀ ਪਤਨੀ ਵਿਨਿੰਦਰ ਕੌਰ ਨਾਲ ਸਿੰਗਾਪੁਰ 'ਚ ਲੌਸਟ ਹੈਰੀਟੇਜ ਪ੍ਰੋਡਕਸ਼ਨ ਨਾਮ ਦਾ ਵਿਜ਼ੂਅਲ ਮੀਡੀਆ ਪ੍ਰੋਡਕਸ਼ਨ ਹਾਊਸ ਚਲਾਉਂਦੇ ਹਨ। ਪ੍ਰੋਡਕਸ਼ਨ ਹਾਊਸ ਭੁੱਲੀਆਂ ਵਿਰਾਸਤਾਂ ਦੀ ਖੋਜ ਅਤੇ ਦਸਤਾਵੇਜ਼ੀਕਰਨ 'ਤੇ ਕੇਂਦ੍ਰਿਤ ਹੈ।
ਦੂਨ ਸਕੂਲ, ਦੇਹਰਾਦੂਨ ਤੋਂ ਪੜ੍ਹੇ, ਸਿੰਘ ਨੇ ਸ਼ਿਕਾਗੋ ਯੂਨੀਵਰਸਿਟੀ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਮਾਸਟਰਜ਼ ਕੀਤੀ। 25 ਸਾਲਾਂ ਤੱਕ ਵਿੱਤੀ ਸੇਵਾਵਾਂ ਦੇ ਖੇਤਰ ਵਿੱਚ ਕੰਮ ਕਰਨ ਤੋਂ ਬਾਅਦ, ਉਨ੍ਹਾਂ ਨੇ ਕ੍ਰੈਡਿਟ ਕਾਰਡ ਕਾਰੋਬਾਰ ਦੇ ਮਾਲੀਆ ਪ੍ਰਬੰਧਨ ਲਈ ਅਮਰੀਕਨ ਐਕਸਪ੍ਰੈਸ ਵਿਖੇ ਏਸ਼ੀਆ ਪੈਸੀਫਿਕ ਖੇਤਰ ਦੀ ਅਗਵਾਈ ਕੀਤੀ। ਅਮਰਦੀਪ ਸਿੰਘ ਨੇ ਦੋ ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ਦਾ ਸਿਰਲੇਖ ਹੈ, 'ਲੌਸਟ ਹੈਰੀਟੇਜ, ਦਿ ਸਿੱਖ ਲੀਗੇਸੀ ਇਨ ਪਾਕਿਸਤਾਨ' ਅਤੇ 'ਦਿ ਕੁਐਸਟ ਕੰਟੀਨਿਊਜ਼: ਲੌਸਟ ਹੈਰੀਟੇਜ, ਦਿ ਸਿੱਖ ਲੀਗੇਸੀ ਇਨ ਪਾਕਿਸਤਾਨ'।
ਉਨ੍ਹਾਂ ਨੇ ਪਾਕਿਸਤਾਨ ਵਿੱਚ ਸਿੱਖ ਵਿਰਾਸਤ ਦੇ ਅਵਸ਼ੇਸ਼ਾਂ ਦੇਤੇ ਕੁਝ ਦਸਤਾਵੇਜ਼ੀ ਫਿਲਮਾਂ ਵੀ ਬਣਾਈਆਂ ਹਨ। ਇਸ ਤੋਂ ਇਲਾਵਾ ਭਾਰਤ ਅਤੇ ਪਾਕਿਸਤਾਨ ਦੀ ਇੱਕ ਟੀਮ ਦੀ ਅਗਵਾਈ ਕਰ ਕੇ ਇੱਕ ਦਸਤਾਵੇਜ਼ੀ ਫਿਲਮ, 'ਐਲੀਗੋਰੀ, ਏ ਟੇਪੇਸਟ੍ਰੀ ਆਫ ਗੁਰੂ ਨਾਨਕ ਟ੍ਰੈਵਲਜ਼' ਬਣਾਈ ਹੈ।
ਮਿਲੀ ਜਾਣਕਾਰੀ ਅਨੁਸਾਰ 14 ਨਵੰਬਰ ਨੂੰ ਨਿਊਯਾਰਕ ਦੇ ਵੁੱਡਬਰੀ ਵਿਖੇ ਇਸ ਪੁਰਸਕਾਰ ਦੀ ਰਸਮੀ ਪੇਸ਼ਕਾਰੀ ਕਰਨ ਦੀ ਯੋਜਨਾ ਬਣਾਈ ਗਈ ਹੈ। ਕਈ ਸਾਲਾਂ ਤੋਂ ਵਿਸ਼ਵ ਭਰ ਵਿੱਚ ਅੰਤਰ-ਧਰਮ ਸੰਵਾਦ ਅਤੇ ਸਮਝ ਨੂੰ ਉਤਸ਼ਾਹਿਤ ਕਰਨ ਦੇ ਸਨਮਾਨ ਵਿੱਚ ਤਿੱਬਤੀ ਅਧਿਆਤਮਿਕ ਨੇਤਾ, ਦਲਾਈ ਲਾਮਾ ਨੂੰ 2008 ਵਿੱਚ ਗੁਰੂ ਨਾਨਕ ਪੁਰਸਕਾਰ ਦੇ ਪਹਿਲੇ ਵਿਜੇਤਾ ਵਜੋਂ ਸਮਨਾਮਿਤ ਕੀਤਾ ਗਿਆ ਸੀ।