ਐੱਮ.ਐੱਸ. ਦੀ ਪੜ੍ਹਾਈ ਕਰ ਰਿਹਾ ਸੀ ਮ੍ਰਿਤਕ, 13 ਮਹੀਨੇ ਪਹਿਲਾਂ ਹੀ ਗਿਆ ਸੀ ਅਮਰੀਕਾ
ਹੈਦਰਾਬਾਦ - ਅਮਰੀਕਾ 'ਚ ਕਥਿਤ ਤੌਰ 'ਤੇ ਗੋਲੀ ਲੱਗਣ ਕਾਰਨ ਮਾਰੇ ਗਏ ਤੇਲੰਗਾਨਾ ਦੇ ਖੰਮਮ ਜ਼ਿਲ੍ਹੇ ਦੇ ਵਿਦਿਆਰਥੀ ਦੇ ਮਾਪਿਆਂ ਨੇ ਆਪਣੇ ਪੁੱਤਰ ਦੀ ਲਾਸ਼ ਵਾਪਸ ਲਿਆਉਣ ਲਈ ਮਦਦ ਦੀ ਮੰਗ ਕੀਤੀ ਹੈ।
ਪੁਲਿਸ ਨੇ ਦੱਸਿਆ ਕਿ ਖੰਮਮ ਜ਼ਿਲ੍ਹੇ ਦੇ ਮਧੀਰਾ ਕਸਬੇ ਦੇ ਰਹਿਣ ਵਾਲੇ ਅਖਿਲ ਸਾਈਂ ਮਹਾਨਕਲੀ (25) ਦੀ ਸੋਮਵਾਰ ਨੂੰ ਅਮਰੀਕੀ ਰਾਜ ਅਲਬਾਮਾ ਵਿੱਚ ਮੌਤ ਹੋ ਗਈ, ਅਤੇ ਇਸ ਸੰਬੰਧ ਵਿੱਚ ਉੱਥੋਂ ਦੀ ਪੁਲਿਸ ਨੇ ਕਤਲ ਦੇ ਦੋਸ਼ ਵਿੱਚ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ।
ਵਿਦਿਆਰਥੀ ਦੇ ਮਾਤਾ-ਪਿਤਾ ਨੇ ਮੰਗਲਵਾਰ ਨੂੰ ਦੱਸਿਆ ਕਿ ਅਖਿਲ ਅਮਰੀਕਾ 'ਚ ਐੱਮ.ਐੱਸ. ਦੀ ਪੜ੍ਹਾਈ ਕਰ ਰਿਹਾ ਸੀ। ਉਹ 13 ਮਹੀਨੇ ਪਹਿਲਾਂ ਉੱਥੇ ਗਿਆ ਸੀ ਅਤੇ ਪਾਰਟ ਟਾਈਮ ਕੰਮ ਵੀ ਕਰਦਾ ਸੀ।
ਉਸ ਦੀ ਮਾਂ ਨੇ ਰੋਂਦੇ ਹੋਏ ਕਿਹਾ, "ਅਸੀਂ ਆਪਣੇ ਪੁੱਤਰ ਨੂੰ ਪੜ੍ਹਾਈ ਲਈ ਭੇਜਿਆ ਸੀ। ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਅਸੀਂ ਆਪਣੇ ਪੁੱਤਰ ਨੂੰ ਇਸ ਤਰ੍ਹਾਂ ਗੁਆ ਬੈਠਾਂਗੇ।"
ਅਖਿਲ ਦੇ ਮਾਤਾ-ਪਿਤਾ ਨੇ ਤੇਲੰਗਾਨਾ, ਭਾਰਤ ਅਤੇ ਅਮਰੀਕਾ ਦੀ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਉਨ੍ਹਾਂ ਦੇ ਪੁੱਤਰ ਦੀ ਲਾਸ਼ ਘਰ ਲਿਆਉਣ ਵਿੱਚ ਮਦਦ ਕਰਨ।