
ਮਹਾਰਾਜਾ ਚਾਰਲਸ ਤੀਜੇ ਨਾਲ ਵੀ ਬੈਠਕ ਦਾ ਪ੍ਰੋਗਰਾਮ
ਲੰਡਨ - ਰੂਸੀ ਹਮਲੇ ਤੋਂ ਬਾਅਦ ਆਪਣੀ ਪਹਿਲੀ ਬ੍ਰਿਟੇਨ ਯਾਤਰਾ 'ਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਬੁੱਧਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਮੁਲਾਕਾਤ ਕਰਨਗੇ। ਯੂਕਰੇਨ ਦੇ ਰਾਸ਼ਟਰਪਤੀ ਸੰਸਦ ਨੂੰ ਵੀ ਸੰਬੋਧਨ ਕਰਨਗੇ ਅਤੇ ਉਨ੍ਹਾਂ ਦਾ ਮਹਾਰਾਜਾ ਚਾਰਲਸ ਨਾਲ ਮੁਲਾਕਾਤ ਦਾ ਵੀ ਪ੍ਰੋਗਰਾਮ ਹੈ।
ਇਹ ਦੌਰਾ ਅਜਿਹੇ ਸਮੇਂ 'ਚ ਹੋ ਰਿਹਾ ਹੈ ਜਦੋਂ ਸੁਨਕ ਨੇ ਯੂਕਰੇਨ ਦੇ ਲੜਾਕੂ ਪਾਇਲਟਾਂ ਅਤੇ ਮਰੀਨਾਂ ਨੂੰ ਉਨ੍ਹਾਂ ਦੀਆਂ ਰੱਖਿਆ ਸਮਰੱਥਾਵਾਂ ਦੀ ਮਦਦ ਲਈ ਬ੍ਰਿਟੇਨ ਵੱਲੋਂ ਜਾਰੀ ਸਹਿਯੋਗ 'ਚ ਵਾਧਾ ਕੀਤਾ ਹੈ।
ਬਕਿੰਘਮ ਪੈਲੇਸ ਨੇ ਕਿਹਾ ਕਿ ਜ਼ੇਲੇਨਸਕੀ ਇੱਕ 'ਅਚਾਨਕ ਮੁਲਾਕਾਤ' ਵਜੋਂ ਮਹਾਰਾਜਾ ਚਾਰਲਸ ਤੀਜੇ ਨਾਲ ਬੈਠਕ ਕਰਨਗੇ। ਸ਼ਾਹੀ ਮਹਿਲ ਮੁਤਾਬਕ ਸੁਰੱਖਿਆ ਕਾਰਨਾਂ ਕਰਕੇ ਇਸ ਸਬੰਧੀ ਪਹਿਲਾਂ ਕੋਈ ਐਲਾਨ ਨਹੀਂ ਕੀਤਾ ਗਿਆ ਸੀ।
ਬ੍ਰਿਟਿਸ਼ ਸਰਕਾਰ ਦੇ ਅਧਿਕਾਰੀਆਂ ਦੇ ਅਨੁਸਾਰ, ਆਗੂ ਇੱਥੇ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ 10 ਡਾਊਨਿੰਗ ਸਟ੍ਰੀਟ 'ਤੇ ਮੁਲਾਕਾਤ ਦੌਰਾਨ ਯੂਕਰੇਨ ਲਈ ਬ੍ਰਿਟੇਨ ਦੇ ਸਮਰਥਨ ਲਈ ਦੋ-ਪੱਖੀ ਪਹੁੰਚ 'ਤੇ ਚਰਚਾ ਕਰਨਗੇ। ਇਹ ਰੂਸ ਦੇ 'ਹਮਲੇ' ਦਾ ਮੁਕਾਬਲਾ ਕਰਨ ਵਿੱਚ ਮਦਦ ਕਰਨ ਲਈ ਦੇਸ਼ ਵਿੱਚ ਫ਼ੌਜੀ ਸਾਜ਼ੋ-ਸਾਮਾਨ ਦੇ ਫ਼ੌਰੀ ਵਾਧੇ ਨਾਲ ਸ਼ੁਰੂ ਹੋਵੇਗਾ।
ਸੁਨਕ ਨੇ ਕਿਹਾ, "ਰਾਸ਼ਟਰਪਤੀ ਜ਼ੇਲੇਂਸਕੀ ਦਾ ਬ੍ਰਿਟੇਨ ਦੌਰਾ ਉਨ੍ਹਾਂ ਦੇ ਦੇਸ਼ ਦੀ ਹਿੰਮਤ, ਦ੍ਰਿੜ੍ਹਤਾ ਅਤੇ ਜੁਝਾਰੂਪਣ ਦਾ ਸਬੂਤ ਹੈ, ਅਤੇ ਸਾਡੇ ਦੋਵਾਂ ਦੇਸ਼ਾਂ ਵਿਚਕਾਰ ਅਟੁੱਟ ਦੋਸਤੀ ਦਾ ਗਵਾਹ ਹੈ" ਸੁਨਕ ਨੇ ਕਿਹਾ।
ਉਨ੍ਹਾਂ ਕਿਹਾ, "2014 ਤੋਂ, ਬ੍ਰਿਟੇਨ ਨੇ ਯੂਕਰੇਨੀ ਬਲਾਂ ਨੂੰ ਮਹੱਤਵਪੂਰਣ ਸਿਖਲਾਈ ਪ੍ਰਦਾਨ ਕੀਤੀ ਹੈ, ਜਿਸ ਨਾਲ ਉਹ ਆਪਣੇ ਦੇਸ਼, ਪ੍ਰਭੂਸੱਤਾ ਦੀ ਰੱਖਿਆ ਕਰਨ ਅਤੇ ਆਪਣੇ ਖੇਤਰ ਲਈ ਲੜਨ ਦੇ ਯੋਗ ਬਣਦੇ ਹਨ। ਮੈਨੂੰ ਮਾਣ ਹੈ ਕਿ ਅੱਜ ਅਸੀਂ ਇਸ ਸਿਖਲਾਈ ਨੂੰ ਸੈਨਿਕਾਂ ਤੋਂ ਲੈ ਕੇ ਮਰੀਨ ਅਤੇ ਲੜਾਕੂ ਜਹਾਜ਼ ਦੇ ਪਾਇਲਟਾਂ ਤੱਕ ਵਧਾਵਾਂਗੇ, ਇਹ ਯਕੀਨੀ ਬਣਾਉਣ ਲਈ ਕਿ ਯੂਕਰੇਨ ਕੋਲ ਭਵਿੱਖ ਵਿੱਚ ਆਪਣੇ ਹਿੱਤਾਂ ਦੀ ਚੰਗੀ ਤਰ੍ਹਾਂ ਰੱਖਿਆ ਕਰਨ ਦੇ ਸਮਰੱਥ ਫ਼ੌਜ ਹੈ।"
ਡਾਊਨਿੰਗ ਸਟ੍ਰੀਟ ਨੇ ਕਿਹਾ ਕਿ ਮਜ਼ਬੂਤ ਸਿਖਲਾਈ ਪ੍ਰਸਤਾਵ ਇਹ ਯਕੀਨੀ ਬਣਾਏਗਾ ਕਿ ਯੂਕਰੇਨ ਦੇ ਪਾਇਲਟ ਭਵਿੱਖ ਵਿੱਚ ਆਧੁਨਿਕ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਮਿਆਰੀ ਲੜਾਕੂ ਜਹਾਜ਼ ਉਡਾਉਣ ਦੇ ਯੋਗ ਹੋਣਗੇ।
"ਇਹ ਨਾ ਸਿਰਫ ਥੋੜ੍ਹੇ ਸਮੇਂ ਲਈ ਫ਼ੌਜੀ ਸਾਜ਼ੋ-ਸਾਮਾਨ ਪ੍ਰਦਾਨ ਕਰਨ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਸਗੋਂ ਆਉਣ ਵਾਲੇ ਸਾਲਾਂ ਤੱਕ ਯੂਕਰੇਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣ ਦੇ ਸਾਡੇ ਲੰਮੇ ਸਮੇਂ ਦੇ ਸੰਕਲਪ ਨੂੰ ਵੀ ਦਰਸਾਉਂਦਾ ਹੈ" ਉਸ ਨੇ ਅੱਗੇ ਕਿਹਾ।