
ਵਰਲਡ ਸਿੱਖ ਪਾਰਲੀਮੈਂਟ ਨੇ ਸੰਯੁਕਤ ਰਾਸ਼ਟਰ ਨੂੰ ਬੇਨਤੀ ਕੀਤੀ ਕਿ ਕਸ਼ਮੀਰ ਅਤੇ ਪੰਜਾਬ ਅੰਦਰ ਸ਼ਾਂਤਮਈ ਤਰੀਕੇ ਨਾਲ ਮਸਲੇ ਦਾ ਹੱਲ ਕੱਢਣ ਦੀ ਪੈਰਵਾਈ ਕਰੇ..
ਲੰਡਨ: ‘ਵਰਲਡ ਸਿੱਖ ਪਾਰਲੀਮੈਂਟ’ ਨਾਮੀ ਸਿੱਖ ਜਥੇਬੰਦੀ ਵਲੋਂ ਇਕ ਲਿਖਤੀ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ‘ਭਾਰਤ ਸਰਕਾਰ ਦੇ ਕੱਟੜ ਹਿੰਦੂਤਵੀ ਵਤੀਰੇ ਨੇ ਭਾਰਤ ਅੰਦਰ ਵਸਦੀਆਂ ਦੂਸਰੀਆਂ ਕੌਮਾਂ, ਘੱਟ ਗਿਣਤੀਆਂ ਨਾਲ ਮਾੜੇ ਵਰਤਾਅ ਤੋਂ ਬਾਅਦ ਹਾਲ ਦੇ ਦਿਨਾਂ ਵਿਚ ਗੁਆਂਢੀ ਦੇਸ਼ਾਂ ਨਾਲ ਲੜਾਈ ਵਾਲਾ ਮਾਹੌਲ ਸਿਰਜ ਕੇ ਦੱਖਣੀ ਏਸ਼ੀਆ ਖਿੱਤੇ ਵਿਚ ਖਤਰਨਾਕ ਸੰਕਟ ਪੈਦਾ ਕਰ ਦਿੱਤਾ ਹੈ’। ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ‘ਪਾਕਿਸਤਾਨ ਨਾਲ ਕਸ਼ਮੀਰ ਦੇ ਵਿਵਾਦਗ੍ਰਸਤ ਖੇਤਰ ‘ਤੇ ਜੰਗ ਦੇ ਉਮੜ ਰਹੇ ਬੱਦਲਾਂ ਕਾਰਨ ਪੂਰੀ ਦੁਨੀਆਂ ਹੁਣ ਚੌਕਸ ਹੋਈ ਹੈ’।
ਵਰਲਡ ਸਿੱਖ ਪਾਰਲੀਮੈਂਟ ਨੇ ਅੱਗੇ ਕਿਹਾ ਹੈ ਕਿ ‘ਚਾਹੇ ਕਿ ਇਹ ਦੇਰੀ ਨਾਲ ਹੀ ਹੋਇਆ ਹੈ ਪਰ ਸਵਾਗਤ ਕਰਨਾ ਬਣਦਾ ਹੈ ਕਿ ਸੰਯੁਕਤ ਰਾਸ਼ਟਰ ਅਤੇ ਪ੍ਰਮੁੱਖ ਵੱਡੀਆਂ ਤਾਕਤਾਂ ਵੱਲੋਂ ਵੀ ਇਸ ਮਸਲੇ ਵਿਚ ਦਖਲ ਦਿੱਤਾ ਜਾ ਰਿਹਾ ਹੈ’। ਮਨਪ੍ਰੀਤ ਸਿੰਘ ਵਲੋਂ ਇੰਗਲੈਂਡ ਤੋਂ ਭੇਜੇ ਗਏ ਬਿਆਨ ਵਿਚ ਸਿੱਖ ਜਥੇਬੰਦੀ ਨੇ ਕਿਹਾ ਹੈ ਕਿ ‘ਮੌਜੂਦਾ ਸੰਕਟ ਬਾਰੇ ਆਮ ਦੇਖਣ ਵਾਲੇ ਵੀ ਜਾਣਦੇ ਹਨ ਕਿ ਇਹ ਸੰਕਟ ਅਗਲੇ ਮਹੀਨਿਆਂ ਵਿਚ ਭਾਰਤ ਅੰਦਰ ਹੋਣ ਜਾ ਰਹੀਆਂ ਚੋਣਾਂ ਅੰਦਰ ਵੋਟ ਬੈਂਕ ਦੀ ਰਾਜਨੀਤੀ ਨੂੰ ਮੁੱਖ ਰੱਖ ਕੇ ਪੈਦਾ ਕੀਤਾ ਗਿਆ ਹੈ।
ਸੱਤਾਧਾਰੀ ਬੀਜੇਪੀ ਅਤੇ ਵਿਰੋਧੀ ਧਿਰ ਕਾਂਗਰਸ ਦੋਨੋਂ ਹੀ ਹਿੰਦੁਤਵੀ ਵੋਟ ਹਾਸਲ ਕਰਨ ਲਈ ਉੱਚੇ ਰਾਸ਼ਟਰਵਾਦ ਦਾ ਪੱਤਾ ਖੇਡਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸਭ ਕੁਝ ਕਸ਼ਮੀਰ ਦੇ ਲੋਕਾਂ ਅਤੇ ਜੰਗ ਦੀ ਸੂਰਤ ਵਿਚ ਪੰਜਾਬ ਦੀ ਵਸੋਂ ਦੀ ਕੀਮਤ ਤੇ ਕੀਤਾ ਜਾ ਰਿਹਾ ਹੈ । ਸਾਰੇ ਹੀ ਮਾਹਿਰਾਂ ਦਾ ਇਹ ਖਿਆਲ ਹੈ ਕਿ ਭਾਰਤ ਪਾਕਿਸਤਾਨ ਜੰਗ ਹੋਣ ਦੀ ਸੂਰਤ ਵਿਚ ਪੰਜਾਬ ਹੀ ਜੰਗ ਦਾ ਮੈਦਾਨ ਬਣੇਗਾ। ਭਾਰਤੀ ਕਬਜ਼ੇ ਥੱਲੇ ਸਿੱਖ ਮਾਤਭੂਮੀ ਅੰਦਰ ਸਿੱਖਾਂ ਵੱਲੋਂ ਵੀ ਆਪਣੇ ਸਵੈ ਨਿਰਣੇ ਲਈ ਲੜਾਈ ਲੜੀ ਜਾ ਰਹੀ ਹੈ ਤੇ ਵਰਲਡ ਸਿੱਖ ਪਾਰਲੀਮੈਂਟ ਪੰਜਾਬ ਅੰਦਰ ਕਿਸੇ ਤਰ੍ਹਾਂ ਦੇ ਜਾਨੀ ਅਤੇ ਮਾਲੀ ਨੁਕਸਾਨ ਲਈ ਭਾਰਤ ਸਰਕਾਰ ਨੂੰ ਹੀ ਦੋਸ਼ੀ ਗਰਦਾਨੇਗੀ’।
ਵਰਲਡ ਸਿੱਖ ਪਾਰਲੀਮੈਂਟ ਨੇ ਸੰਯੁਕਤ ਰਾਸ਼ਟਰ ਨੂੰ ਬੇਨਤੀ ਕੀਤੀ ਹੈ ਕਿ ਇਸ ਮੌਕੇ ਉਹ ਪਹਿਲਕਦਮੀ ਕਰਕੇ ਕਸ਼ਮੀਰ ਅਤੇ ਪੰਜਾਬ ਅੰਦਰ ਸ਼ਾਂਤਮਈ ਤਰੀਕੇ ਨਾਲ ਮਸਲੇ ਦਾ ਹੱਲ ਕੱਢਣ ਦੀ ਪੈਰਵਾਈ ਕਰੇ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਤੇ ਆਧਾਰਤ ਸਵੈ-ਨਿਰਣੈ ਦੇ ਮੁਢਲੇ ਮਨੁੱਖੀ ਅਧਿਕਾਰ ਨੂੰ ਵਰਤਣ ਦਾ ਹੱਕ ਇਸਤੇਮਾਲ ਕਰਨ ਦਾ ਉਪਰਾਲਾ ਕਰੇ।