
ਭਾਰਤ ਵਿਚ ਰੂਸੀ ਦੂਤਾਵਾਸ ਨੇ ਐਲਾਨ ਕੀਤਾ ਹੈ ਕਿ ਮਾਸਕੋ ਅੱਜ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ ਲਈ ਇਕ ਮਨੁੱਖੀ ਲਾਂਘਾ ਖੋਲ੍ਹੇਗਾ
ਕੀਵ: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ 13ਵਾਂ ਦਿਨ ਹੈ। ਭਾਰਤ ਵਿਚ ਰੂਸੀ ਦੂਤਾਵਾਸ ਨੇ ਐਲਾਨ ਕੀਤਾ ਹੈ ਕਿ ਮਾਸਕੋ ਅੱਜ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ ਲਈ ਇਕ ਮਨੁੱਖੀ ਲਾਂਘਾ ਖੋਲ੍ਹੇਗਾ ਅਤੇ ਇਸ ਦੌਰਾਨ ਜੰਗਬੰਦੀ ਹੋਵੇਗੀ। ਰੂਸ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਯੂਕਰੇਨ ਦੇ ਅਧੀਨ ਖੇਤਰਾਂ ਵਿਚ ਮਨੁੱਖੀ ਲਾਂਘੇ ਖੋਲ੍ਹੇਗਾ।
ਯੂਕਰੇਨ ਨੇ ਪਹਿਲਾਂ ਖਾਰਕੀਵ, ਕੀਵ, ਮਾਰੀਉਪੋਲ ਅਤੇ ਸੁਮੀ ਸ਼ਹਿਰਾਂ ਤੋਂ ਮਨੁੱਖੀ ਲਾਂਘੇ ਲਈ ਇਕ ਰੂਸੀ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਸੀ ਕਿਉਂਕਿ ਇਸ ਦੇ ਬਹੁਤ ਸਾਰੇ ਰਸਤੇ ਸਿੱਧੇ ਰੂਸ ਜਾਂ ਉਸ ਦੇ ਸਹਿਯੋਗੀ ਬੇਲਾਰੂਸ ਤੱਕ ਜਾਂਦੇ ਸਨ। ਮਾਸਕੋ ਅੱਜ ਭਾਰਤੀ ਸਮੇਂ ਮੁਤਾਬਕ ਦੁਪਹਿਰ 12.30 ਵਜੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਮਨੁੱਖੀ ਲਾਂਘੇ ਖੋਲ੍ਹੇਗਾ।
ਇਸ ਤੋਂ ਪਹਿਲਾਂ ਬੇਲਾਰੂਸ 'ਚ ਦੋਵਾਂ ਦੇਸ਼ਾਂ ਵਿਚਾਲੇ ਤੀਜੇ ਦੌਰ ਦੀ ਗੱਲਬਾਤ ਵੀ ਅਸਫਲ ਰਹੀ ਹੈ। ਯੂਕਰੇਨ ਦੀ ਗੱਲਬਾਤ ਕਰਨ ਵਾਲੀ ਟੀਮ ਦੇ ਮੈਂਬਰ ਪੋਡੋਲਿਕ ਨੇ ਕਿਹਾ, "ਹੁਣ ਤੱਕ ਕੋਈ ਨਤੀਜਾ ਨਹੀਂ ਨਿਕਲਿਆ ਹੈ ਜਿਸ ਨਾਲ ਸਥਿਤੀ ਵਿਚ ਕੁਝ ਮਹੱਤਵਪੂਰਨ ਸੁਧਾਰ ਹੋ ਸਕਦਾ ਹੈ।" ਇਸ ਤੋਂ ਪਹਿਲਾਂ ਵੀ ਦੋ ਦੌਰ ਦੀ ਗੱਲਬਾਤ ਅਸਫਲ ਰਹੀ ਹੈ। ਹੁਣ ਵੀਰਵਾਰ ਨੂੰ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਗੱਲਬਾਤ ਹੋਵੇਗੀ।
ਰੂਸੀ ਹਮਲੇ ਤੋਂ ਬਾਅਦ ਯੂਕਰੇਨ ਦੀ ਵਿਗੜਦੀ ਸਥਿਤੀ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਚਿੰਤਾ ਜ਼ਾਹਰ ਕਰਦੇ ਹੋਏ ਭਾਰਤ ਨੇ ਕਿਹਾ ਸੀ ਕਿ ਆਉਣ ਵਾਲੇ ਮਨੁੱਖੀ ਸੰਕਟ 'ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ। ਯੂਕਰੇਨ ਵਿਚ ਮਨੁੱਖੀ ਸਥਿਤੀ 'ਤੇ ਇਕ ਚਰਚਾ ਦੌਰਾਨ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਰਾਜਦੂਤ ਟੀਐਸ ਤਿਰੁਮੂਰਤੀ ਨੇ ਯੁੱਧ ਪ੍ਰਭਾਵਿਤ ਦੇਸ਼ ਵਿਚ ਫਸੇ ਭਾਰਤੀ ਨਾਗਰਿਕਾਂ ਸਮੇਤ ਸਾਰੇ ਨਾਗਰਿਕਾਂ ਲਈ ਸੁਰੱਖਿਅਤ ਅਤੇ ਬਿਨ੍ਹਾਂ ਰੁਕਾਵਟ ਦੇ ਰਾਹ ਦੀ ਤੁਰੰਤ ਮੰਗ ਨੂੰ ਦੁਹਰਾਇਆ ਸੀ।