
ਭਾਰਤ ਵਲੋਂ ਐਨ.ਸੀ.ਜੀ. ਦੀ ਮੈਂਬਰਸ਼ਿਪ ਲਈ ਦਾਅਵੇਦਾਰੀ ਅਤੇ ਹੋਰਨਾਂ ਵੱਖ-ਵੱਖ ਮੁੱਦਿਆਂ 'ਤੇ ਚੱਲ ਰਹੇ ਤਣਾਅ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ
ਅਸਤਾਨਾ, 9 ਜੂਨ : ਭਾਰਤ ਵਲੋਂ ਐਨ.ਸੀ.ਜੀ. ਦੀ ਮੈਂਬਰਸ਼ਿਪ ਲਈ ਦਾਅਵੇਦਾਰੀ ਅਤੇ ਹੋਰਨਾਂ ਵੱਖ-ਵੱਖ ਮੁੱਦਿਆਂ 'ਤੇ ਚੱਲ ਰਹੇ ਤਣਾਅ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੇ ਅੱਜ ਸੁਖਾਵੇਂ ਮਾਹੌਲ ਵਿਚ ਮੁਲਾਕਾਤ ਕੀਤੀ ਅਤੇ ਦੋਹਾਂ ਨੇ ਇਕ-ਦੂਜੇ ਦੀਆਂ 'ਬੁਨਿਆਦੀ ਚਿੰਤਾਵਾਂ' ਨੂੰ ਸਮਝਣ ਅਤੇ ਵਿਵਾਦਾਂ ਨੂੰ ਉਚਿਤ ਤਰੀਕੇ ਨਾਲ ਸੁਲਝਾਉਣ ਦੀ ਲੋੜ 'ਤੇ ਜ਼ੋਰ ਦਿਤਾ।
ਸ਼ੰਘਾਈ ਸਹਿਯੋਗ ਸੰਗਠਨ ਦੇ ਸਿਖ਼ਰ ਸੰਮੇਲਨ ਦੌਰਾਨ ਕਜ਼ਾਕਿਸਤਾਨ ਦੀ ਰਾਜਧਾਨ ਅਸਤਾਨਾ ਵਿਖੇ ਦੋਹਾਂ ਆਗੂਆਂ ਦੀ ਮੁਲਾਕਾਤ ਹੋਈ। ਭਾਰਤ ਵਲੋਂ 'ਇਕ ਖਿਤਾ-ਇਕ ਸੜਕ ਫ਼ੋਰਮ' ਦੀ ਬਾਈਕਾਟ ਕੀਤੇ ਜਾਣ ਮਗਰੋਂ ਦੋਹਾਂ ਆਗੂਆਂ ਵਿਚਾਲੇ ਇਹ ਪਹਿਲੀ ਮੁਲਾਕਾਤ ਸੀ।
ਬੈਲਟ ਐਂਡ ਰੋਡ ਯੋਜਨਾ ਅਧੀਨ ਬਣਨ ਵਾਲੇ 50 ਅਰਬ ਡਾਲਰ ਦੇ ਚੀਨ-ਪਾਕਿਸਤਾਨ ਆਰਥਕ ਲਾਂਘੇ ਨਾਲ ਸਬੰਧਤ ਅਪਣੀਆਂ ਚਿੰਤਾਵਾਂ ਪ੍ਰਗਟਾਉਣ ਲਈ ਭਾਰਤ ਨੇ ਫ਼ੋਰਮ ਵਿਚ ਹਿੱਸਾ ਨਹੀਂ ਲਿਆ ਸੀ। ਮੁਲਾਕਾਤ ਦੌਰਾਨ ਮੋਦੀ ਨੇ ਕਿਹਾ ਕਿ ਦੋਹਾਂ ਧਿਰਾਂ ਨੂੰ ਅਪਣੀ ਸਮਰੱਥਾ ਲਾਭ ਉਠਾਉਂਦਿਆਂ, ਗੱਲਬਾਤ ਨੂੰ ਅੱਗੇ ਵਧਾਉਂਦਿਆਂ ਅਤੇ ਕੌਮਾਂਤਰੀ ਮਸਲਿਆਂ 'ਤੇ ਤਾਲਮੇਲ ਵਿਚ ਵਾਧਾ ਕਰਦਿਆਂ ਇਕ-ਦੂਜੇ ਦੀਆਂ ਚਿੰਤਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਮੋਦੀ ਨੇ ਕਿਹਾ ਕਿ ਐਸ.ਸੀ.ਓ. ਵਿਚ ਭਾਰਤ ਦੇ ਸ਼ਾਮਲ ਹੋਣ ਵਿਚ ਚੀਨ ਦੀ ਹਮਾਇਤ ਲਈ ਭਾਰਤੀ ਧਿਰ ਸ਼ੁਕਰਗੁਜ਼ਾਰ ਹੈ ਅਤੇ ਸੰਗਠਨ ਵਿਚ ਚੀਨ ਨਾਲ ਨੇੜੇ ਹੋ ਕੇ ਕੰਮ ਕਰੇਗਾ। (ਪੀਟੀਆਈ)