
ਉਪ-ਸਿਹਤ ਮੰਤਰੀ ਨੇ ਕੀਤਾ ਐਲਾਨ, ਦਵਾਈ ਦੀ ਪਰਖ ਦਾ ਦੌਰ ਆਖ਼ਰੀ ਗੇੜ 'ਚ
ਮਾਸਕੋ: ਕੋਰੋਨਾ ਸੰਕਟ ਨਾਲ ਜੂਝ ਰਹੀ ਪੂਰੀ ਦੁਨੀਆਂ ਵੈਕਸੀਨ ਦੀ ਉਡੀਕ ਕਰ ਰਹੀ ਹੈ ਪਰ ਲੱਗ ਰਿਹਾ ਹੈ ਕਿ ਉਡੀਕ ਹੁਣ ਖ਼ਤਮ ਹੋਣ ਵਾਲੀ ਹੈ। ਰੂਸ ਨੇ ਅਗਲੇ ਹਫ਼ਤੇ ਦੁਨੀਆਂ ਦੇ ਪਹਿਲੇ ਐਂਟੀ-ਕੋਵਿਡ ਵੈਕਸੀਨ ਨੂੰ ਰਜਿਸਟਰ ਕਰਨ ਦੀ ਯੋਜਨਾ ਬਣਾਈ ਹੈ। ਰੂਸ ਦੇ ਉਪ ਸਿਹਤ ਮੰਤਰੀ ਓਲੋਗ ਗ੍ਰਿਡਨੇਵ ਨੇ ਕਿਹਾ ਕਿ ਰੂਸ 12 ਅਗੱਸਤ ਨੂੰ ਕੋਰੋਨਾ ਵਾਇਰਸ ਵਿਰੁਧ ਅਪਣੀ ਪਹਿਲੀ ਵੈਕਸੀਨ ਨੂੰ ਰਜਿਸਟਰ ਕਰੇਗਾ। ਉਫ਼ਾ ਸ਼ਹਿਰ ਵਿਚ ਕੈਂਸਰ ਕੇਂਦਰ ਭਵਨ ਦਾ ਉਦਘਾਟਨ ਕਰਨ ਪਹੁੰਚੇ ਓਲੇਗ ਨੇ ਕਿਹਾ ਕਿ ਫ਼ਿਲਹਾਲ ਕੋਰੋਨਾ ਵੈਕਸੀਨ ਪਰਖ ਦਾ ਤੀਜਾ ਅਤੇ ਆਖ਼ਰੀ ਗੇੜ ਚੱਲ ਰਿਹਾ ਹੈ।
Corona Virus
ਪਰਖ ਬੇਹੱਦ ਅਹਿਮ ਹੈ, ਸਾਨੂੰ ਸਮਝਣਾ ਪਵੇਗਾ ਕਿ ਟੀਕਾ ਸੁਰੱਖਿਅਤ ਹੋਣਾ ਚਾਹੀਦਾ ਹੈ। ਇਲਾਜ ਪੇਸ਼ੇਵਰ ਅਤੇ ਸੀਨੀਅਰ ਨਾਗਰਿਕਾਂ ਦਾ ਸੱਭ ਤੋਂ ਪਹਿਲਾਂ ਟੀਕਾਕਰਨ ਕੀਤਾ ਜਾਵੇਗਾ। ਉਪ ਸਿਹਤ ਮੰਤਰੀ ਨੇ ਕਿਹਾ ਕਿ ਕੋਰੋਨਾ ਵੈਕਸੀਨ ਦੇ ਅਸਰ ਦਾ ਅੰਦਾਜ਼ਾ ਤਦ ਲਾਇਆ ਜਾਵੇਗਾ ਜਦ ਆਬਾਦੀ ਇਸ ਰੋਗ ਨਾਲ ਲੜਨ ਦੀ ਤਾਕਤ ਪੈਦਾ ਕਰ ਚੁਕੀ ਹੋਵੇਗੀ। ਗਾਮੇਲਿਯਾ ਰਿਸਰਚ ਇੰਸਟੀਚਿਊਟ ਅਤੇ ਰੂਸੀ ਰਖਿਆ ਮੰਤਰਾਲਾ ਦੁਆਰਾ ਸਾਂਝੇ ਰੂਪ ਵਿਚ ਕੋਰੋਨਾ ਦੀ ਵੈਕਸੀਨ ਬਣਾਈ ਜਾ ਰਹੀ ਹੈ। ਕੋਰੋਨਾ ਵੈਕਸੀਨ ਦਾ ਹਿਊਮਨ ਟ੍ਰਾਇਲ 18 ਜੂਨ ਤੋਂ ਸ਼ੁਰੂ ਹੋਇਆ ਅਤੇ ਇਸ ਵਿਚ 38 ਵਲੰਟੀਅਰ ਸ਼ਾਮਲ ਸਨ। ਸਾਰੇ ਵਲੰਟੀਅਰਾਂ ਨੇ ਇਮਿਊਨਿਟੀ ਵਿਕਸਤ ਕੀਤੀ। ਪਹਿਲੇ ਗਰੁਪ ਨੂੰ 15 ਜੁਲਾਈ ਨੂੰ , ਦੂਜੇ ਗਰੁਪ ਨੂੰ 20 ਜੁਲਾਈ ਨੂੰ ਛੁੱਟੀ ਦੇ ਦਿਤੀ ਗਈ।
ਵਿਸ਼ਵ ਸਿਹਤ ਸੰਸਥਾ ਨੇ ਕਿਹਾ ਹੈ ਕਿ ਉਹ ਰੂਸ ਦੇ ਵੈਕਸੀਨ ਪ੍ਰੋਗਰਾਮ ਬਾਰੇ ਚੌਕਸ ਹੈ ਜਿਸ ਬਾਰੇ ਉਸ ਨੂੰ ਕੋਈ ਅਧਿਕਾਰਤ ਖ਼ਬਰ ਨਹੀਂ ਮਿਲੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਰੂਸੀ ਸਿਹਤ ਮੰਤਰੀ ਮਿਖਾਇਲ ਮੁਰਾਸ਼ਕੋ ਨੇ ਕਿਹਾ ਸੀ ਕਿ ਰੂਸ ਵਿਚ ਵੱਡੇ ਪੱਧਰ 'ਤੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਅਕਤੂਬਰ ਵਿਚ ਹੋਵੇਗੀ। ਮੰਤਰੀ ਮੁਤਾਬਕ ਸਾਰੇ ਖ਼ਰਚਿਆਂ ਨੂੰ ਰਾਜ ਦੇ ਬਜਟ ਰਾਹੀਂ ਕਵਰ ਕੀਤਾ ਜਾਵੇਗਾ ਹਾਲਾਂਕਿ ਹੁਣ ਉਨ੍ਹਾਂ ਦੇ ਉਪ ਸਿਹਤ ਮੰਤਰੀ ਦੇ ਬਿਆਨ ਤੋਂ ਸਪੱਸ਼ਟ ਹੈ ਕਿ ਰੂਸ ਵਿਚ ਟੀਕਾਕਰਨ ਦੀ ਮੁਹਿੰਮ ਛੇਤੀ ਸ਼ੁਰੂ ਹੋ ਸਕਦੀ ਹੈ।
Corona Virus
ਸੀਰਮ ਇੰਸਟੀਚਿਊਟ ਭਾਰਤ, ਹੋਰ ਦੇਸ਼ਾਂ ਲਈ ਦਸ ਕਰੋੜ ਖ਼ੁਰਾਕਾਂ ਤਿਆਰ ਕਰੇਗੀ- ਸੀਰਾਮ ਇੰਸਟੀਚਿਊਟ ਆਫ਼ ਇੰਡੀਆ (ਐਸਆਈਈ) ਨੇ ਕਿਹਾ ਹੈ ਕਿ ਉਸ ਨੇ ਭਾਰਤ ਅਤੇ ਹੋਰ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਲਈ ਕੋਵਿਡ-19 ਟੀਕੇ ਦੀਆਂ 10 ਕਰੋੜ ਖ਼ੁਰਾਕਾਂ ਦਾ ਉਤਪਾਦਨ ਕਰਨ ਲਈ ਬਿਲ ਐਂਡ ਮੇਲਿੰਡਾ ਗੇਟਸ ਫ਼ਾਊਂਡੇਸ਼ਨ ਨਾਲ ਕਰਾਰ ਕੀਤਾ ਹੈ। ਸੀਰਮ ਨੇ ਬਿਆਨ ਰਾਹੀਂ ਕਿਹਾ, 'ਇਹ ਗਠਜੋੜ ਸੀਰਮ ਇੰਸਟੀਚਿਊਟ ਨੂੰ ਉਤਪਾਦਨ ਸਮਰੱਥਾ ਵਧਾਉਣ ਵਿਚ ਮਦਦ ਕਰੇਗਾ।' ਕੰਪਨੀ ਨੇ ਦਸਿਆ ਕਿ ਉਸ ਨੇ ਪ੍ਰਤੀ ਖ਼ੁਰਾਕ ਤਿੰਨ ਡਾਲਰ ਯਾਨੀ ਲਗਭਗ 225 ਰੁਪਏ ਦੀ ਕਿਫ਼ਾਇਤੀ ਦਰ ਤੈਅ ਕੀਤੀ ਹੈ। ਕੰਪਨੀ ਦੇ ਸੀਈਓ ਅਦਾਰ ਪੂਨਾਵਾਲਾ ਨੇ ਕਿਹਾ, 'ਕੋਵਿਡ-19 ਵਿਰੁਧ ਸਾਡੀ ਲੜਾਈ ਨੂੰ ਮਜ਼ਬੂਤੀ ਦੇਣ ਲਈ ਸੀਰਮ ਇੰਸਟੀਚਿਊਟ ਨੇ ਭਾਰਤ ਅਤੇ ਹੋਰ ਦੇਸ਼ਾਂ ਨੂੰ 10 ਕਰੋੜ ਖ਼ੁਰਾਕਾਂ ਤਿਆਰ ਕਰਨ ਲਈ ਸਮਝੌਤਾ ਕੀਤਾ ਹੈ।'
File Photo
ਪਛਮੀ ਮੁਲਕਾਂ ਦੀਆਂ ਚਿੰਤਾਵਾਂ ਵਧੀਆਂ- ਰੂਸ ਦੇ ਦਾਅਵੇ ਨੇ ਪਛਮੀ ਮੁਲਕਾਂ ਦੀਆਂ ਚਿੰਤਾਵਾਂ ਵਧਾ ਦਿਤੀਆਂ ਹਨ। ਦੁਨੀਆਂ ਭਰ ਦੇ ਵਿਗਿਆਨੀ ਇਸ ਗੱਲੋਂ ਵੀ ਚਿੰਤਿਤ ਹਨ ਕਿ ਕਿਤੇ ਅਵੱਲ ਆਉਣ ਦੀ ਦੌੜ ਉਲਟੀ ਨਾ ਪੈ ਜਾਵੇ। ਅਕਤੂਬਰ ਦੀ ਸ਼ੁਰੂਆਤ ਵਿਚ ਇਥੇ ਉਨ੍ਹਾਂ ਟੀਕਿਆਂ ਨਾਲ ਟੀਕਾਕਰਨ ਕੀਤਾ ਜਾਵੇਗਾ ਜਿਨ੍ਹਾਂ ਦਾ ਹਾਲੇ ਤਕ ਕਲੀਨਿਕਲ ਤਜਰਬਾ ਪੂਰਾ ਨਹੀਂ ਹੋਇਆ। ਇਕ ਵਿਗਿਆਨੀ ਨੇ ਕਿਹਾ, 'ਮੈਨੂੰ ਚਿੰਤਾ ਹੈ ਕਿ ਰੂਸ ਬਹੁਤ ਕਾਹਲੀ ਕਰ ਰਿਹਾ ਹੈ ਜਿਸ ਨਾਲ ਨਾ ਸਿਰਫ਼ ਟੀਕਾ ਬੇਕਾਰ ਹੋਵੇਗਾ ਸਗੋਂ ਅਸੁਰੱਖਿਅਤ ਵੀ।' ਉਨ੍ਹਾਂ ਕਿਹਾ ਕਿ ਪਹਿਲਾਂ ਪਰਖ ਜ਼ਰੂਰੀ ਹੈ ਪਰ ਅਜਿਹਾ ਸ਼ਾਇਦ ਨਹੀਂ ਹੋ ਰਿਹਾ।