
ਏਅਰ ਇੰਡੀਆ ਨੇ ਇਜ਼ਰਾਈਲ ਆਉਣ- ਜਾਣ ਵਾਲੀਆਂ ਉਡਾਣਾਂ ਕੀਤੀਆਂ ਰੱਦ
ਤੇਲ ਅਵੀਵ: ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਜਾਰੀ ਹੈ। ਇਜ਼ਰਾਇਲੀ ਫ਼ੌਜ ਦੇ ਬੁਲਾਰੇ ਰਿਚਰਡ ਹੇਚਟ ਨੇ ਕਿਹਾ ਕਿ ਦੇਸ਼ 'ਚ 22 ਥਾਵਾਂ 'ਤੇ ਅਜੇ ਵੀ ਜੰਗ ਜਾਰੀ ਹੈ। ਬੀਬੀਸੀ ਦੀ ਰੀਪੋਰਟ ਮੁਤਾਬਕ ਹੁਣ ਤਕ 230 ਤੋਂ ਵੱਧ ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 1700 ਤੋਂ ਵੱਧ ਲੋਕ ਜ਼ਖ਼ਮੀ ਹਨ।
ਇਸ ਦੇ ਨਾਲ ਹੀ 7 ਅਕਤੂਬਰ ਨੂੰ ਹਮਾਸ ਵਲੋਂ ਦਾਗੇ ਗਏ 5,000 ਰਾਕੇਟ ਕਾਰਨ ਹੁਣ ਤਕ 300 ਇਜ਼ਰਾਇਲੀ ਮਾਰੇ ਜਾਣ ਦੀ ਖ਼ਬਰ ਹੈ ਅਤੇ 1,590 ਜ਼ਖਮੀ ਹੋ ਚੁੱਕੇ ਹਨ। ਹਮਾਸ ਦੇ ਹਮਲਿਆਂ ਦੇ ਜਵਾਬ 'ਚ ਇਜ਼ਰਾਈਲ ਨੇ ਗਾਜ਼ਾ ਪੱਟੀ 'ਚ 17 ਫ਼ੌਜੀ ਕੰਪਲੈਕਸਾਂ ਅਤੇ 4 ਫ਼ੌਜੀ ਹੈੱਡਕੁਆਰਟਰ 'ਤੇ ਹਮਲਾ ਕਰਨ ਦਾ ਦਾਅਵਾ ਕੀਤਾ ਹੈ।
ਇਜ਼ਰਾਈਲ ਵਿਚ ਵਿਗੜਦੀ ਸਥਿਤੀ ਦੇ ਵਿਚਕਾਰ, ਭਾਰਤੀ ਦੂਤਾਵਾਸ ਨੇ ਉਥੇ ਮੌਜੂਦ ਆਪਣੇ ਨਾਗਰਿਕਾਂ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਉਨ੍ਹਾਂ ਨੂੰ ਚੌਕਸ ਅਤੇ ਸੁਰੱਖਿਅਤ ਰਹਿਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ, ਇਜ਼ਰਾਈਲ ਤੋਂ ਭਾਰਤ ਜਾਣ ਵਾਲੀਆਂ ਉਡਾਣਾਂ ਨੂੰ ਰੋਕ ਦਿਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਭਾਰਤ ਔਖੇ ਸਮੇਂ ਵਿਚ ਇਜ਼ਰਾਈਲ ਦੇ ਲੋਕਾਂ ਦੇ ਨਾਲ ਹੈ।
ਇਜ਼ਰਾਈਲ ਨੇ ਕਿਹਾ ਹੈ ਕਿ ਉਹ ਗਾਜ਼ਾ ਨੂੰ ਬਿਜਲੀ, ਈਂਧਨ ਅਤੇ ਹੋਰ ਸਮਾਨ ਦੀ ਸਪਲਾਈ ਲਾਈਨਾਂ ਨੂੰ ਕੱਟ ਦੇਵੇਗਾ। ਮੀਡੀਆ ਰੀਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਇਹ ਚੇਤਾਵਨੀ ਦਿਤੀ ਹੈ। ਇਜ਼ਰਾਇਲੀ ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਇਥੇ ਬਿਜਲੀ ਕੱਟ ਦਿਤੀ ਸੀ। ਇਸ ਕਾਰਨ ਇਥੇ ਹਨੇਰਾ ਛਾਇਆ ਹੋਇਆ ਹੈ।
ਇਜ਼ਰਾਈਲ ਨੇ ਸੁਰੱਖਿਆ ਕਾਰਨਾਂ ਕਰਕੇ 2007 ਤੋਂ ਮਿਸਰ ਦੇ ਨਾਲ ਗਾਜ਼ਾ ਪੱਟੀ ਦੀ ਨਾਕਾਬੰਦੀ ਬਣਾਈ ਰੱਖੀ ਹੈ। ਇਜ਼ਰਾਈਲ ਗਾਜ਼ਾ ਪੱਟੀ ਅਤੇ ਅਪਣੀ ਸਰਹੱਦ 'ਤੇ ਹਵਾਈ ਖੇਤਰ ਨੂੰ ਕੰਟਰੋਲ ਕਰਦਾ ਹੈ। ਉਹ ਇਥੇ ਸਰਹੱਦ ਰਾਹੀਂ ਸਪਲਾਈ ਨੂੰ ਵੀ ਕੰਟਰੋਲ ਕਰਦਾ ਹੈ। ਇਸ ਤਰ੍ਹਾਂ, ਮਿਸਰ ਦਾ ਗਾਜ਼ਾ ਨਾਲ ਲੱਗਦੀ ਸਰਹੱਦ ਤੋਂ ਮਾਲ ਦੀ ਆਵਾਜਾਈ 'ਤੇ ਵੀ ਕੰਟਰੋਲ ਹੈ।
ਕੀ ਹੈ ਇਹ ਵਿਵਾਦ?
ਇਹ ਵਿਵਾਦ 100 ਸਾਲ ਪੁਰਾਣਾ ਹੈ। ਪਹਿਲੇ ਵਿਸ਼ਵ ਯੁੱਧ ਵਿਚ ਮੱਧ ਪੂਰਬ ਦੇ ਉਸ ਹਿੱਸੇ ਦੇ ਹਾਕਮ ਓਟੋਮੈਨ ਰਾਜ ਦੇ ਹਾਰ ਜਾਣ ਤੋਂ ਬਾਅਦ ਬ੍ਰਿਟੇਨ ਨੇ ਫਲਸਤੀਨ ਵਜੋਂ ਜਾਣੇ ਜਾਂਦੇ ਖੇਤਰ ਦਾ ਕਬਜ਼ਾ ਲੈ ਲਿਆ। ਇਸ ਧਰਤੀ ’ਤੇ ਯਹੂਦੀ ਘੱਟ ਗਿਣਤੀ ਅਤੇ ਅਰਬ ਬਹੁਗਿਣਤੀ ਵਸਦੇ ਸਨ। ਦੋਵਾਂ ਧਿਰਾਂ ਵਿਚ ਤਣਾਅ ਉਦੋਂ ਵਧਿਆ ਜਦੋਂ ਅੰਤਰਰਾਸ਼ਟਰੀ ਭਾਈਚਾਰੇ ਨੇ ਬ੍ਰਿਟੇਨ ਨੂੰ ਯਹੂਦੀ ਲੋਕਾਂ ਲਈ ਫਲਸਤੀਨ ਵਿਚ 'ਰਾਸ਼ਟਰੀ ਘਰ' ਸਥਾਪਤ ਕਰਨ ਦਾ ਕੰਮ ਸੌਂਪਿਆ। ਯਹੂਦੀਆਂ ਲਈ ਇਹ ਉਨ੍ਹਾਂ ਦਾ ਜੱਦੀ ਘਰ ਸੀ, ਪਰ ਫਲਸਤੀਨੀ ਅਰਬਾਂ ਨੇ ਵੀ ਜ਼ਮੀਨ 'ਤੇ ਅਪਣਾ ਦਾਅਵਾ ਕੀਤਾ ਅਤੇ ਇਸ ਕਦਮ ਦਾ ਵਿਰੋਧ ਕੀਤਾ।
ਪੂਰਬੀ ਯੇਰੂਸ਼ਲਮ, ਗਾਜ਼ਾ ਅਤੇ ਵੈਸਟ ਬੈਂਕ ਵਿਚ ਰਹਿੰਦੇ ਇਜ਼ਰਾਈਲਆਂ ਅਤੇ ਫਲਸਤੀਨੀਆਂ ਦਰਮਿਆਨ ਤਣਾਅ ਅਕਸਰ ਵੱਧ ਜਾਂਦਾ ਹੈ। ਗਾਜ਼ਾ ’ਤੇ ਹਮਾਸ ਅਖਵਾਉਣ ਵਾਲੇ ਇਕ ਫਲਸਤੀਨੀ ਅਤਿਵਾਦੀ ਸਮੂਹ ਦਾ ਰਾਜ ਹੈ, ਜੋ ਕਿ ਕਈ ਵਾਰ ਇਜ਼ਰਾਈਲ ਨਾਲ ਲੜਿਆ ਹੈ। ਇਜ਼ਰਾਈਲ ਅਤੇ ਮਿਸਰ ਨੇ ਹਮਾਸ ਨੂੰ ਮਿਲਣ ਵਾਲੇ ਹਥਿਆਰਾਂ ਨੂੰ ਰੋਕਣ ਲਈ ਗਾਜ਼ਾ ਦੀਆਂ ਸਰਹੱਦਾਂ ਉਤੇ ਸਖ਼ਤੀ ਨਾਲ ਨਿਯੰਤਰਣ ਕੀਤਾ। ਗਾਜ਼ਾ ਅਤੇ ਵੈਸਟ ਬੈਂਕ ਵਿਚ ਫਲਸਤੀਨੀਆਂ ਦਾ ਕਹਿਣਾ ਹੈ ਕਿ ਉਹ ਇਜ਼ਰਾਈਲ ਦੀਆਂ ਕਾਰਵਾਈਆਂ ਅਤੇ ਪਾਬੰਦੀਆਂ ਕਾਰਨ ਦੁਖੀ ਹਨ। ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਸਿਰਫ਼ ਅਪਣੇ ਆਪ ਨੂੰ ਫਲਸਤੀਨੀ ਹਿੰਸਾ ਤੋਂ ਬਚਾਉਣ ਲਈ ਕੰਮ ਕਰ ਰਿਹਾ ਹੈ।