
ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਪਹਿਲਾਂ ਫੀਸ ਨਾ ਲੈਣ ਦੀ ਕਹੀ ਸੀ ਗੱਲ
ਨਵੀਂ ਦਿੱਲੀ : ਕਰਤਾਰਪੁਰ ਲਾਂਘੇ ਦੇ ਉਦਘਾਟਨ ਵਾਲੇ ਦਿਨ 20 ਡਾਲਰ ਫੀਸ ਨੂੰ ਲੈ ਕੇ ਪਾਕਿਸਤਾਨ ਫਿਰ ਆਪਣੇ ਵਾਅਦੇ ਤੋਂ ਮੁੱਕਰ ਗਿਆ ਹੈ। ਰਿਪੋਰਟਾਂ ਅਨੁਸਾਰ ਕੱਲ੍ਹ 9 ਨਵੰਬਰ ਨੂੰ ਵੀ ਪਾਕਿਸਤਾਨ ਸ਼ਰਧਾਲੂਆਂ ਤੋਂ 20 ਡਾਲਰ ਫੀਸ ਲਵੇਗਾ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਕਿਹਾ ਸੀ ਕਿ ਉਹ 9 ਤੋਂ 12 ਨਵੰਬਰ ਤੱਕ ਸ਼ਰਧਾਲੂਆਂ ਤੋਂ ਫੀਸ ਵਸੂਲ ਨਹੀਂ ਕਰੇਗਾ।
Kartarpur corridor
ਕਰਤਾਰਪੁਰ ਲਾਂਘੇ ਦੇ ਉਦਘਾਟਨ ਨੂੰ ਹੁਣ ਕੁੱਝ ਘੰਟੇ ਹੀ ਬਾਕੀ ਰਹਿ ਗਏ ਹਨ ਪਰ ਹਾਲੇ ਵੀ ਪਾਕਿਸਤਾਨ ਦੀ ਸ਼ਰਤਾਂ ਦਾ ਪਤਾ ਨਹੀਂ ਲੱਗ ਰਿਹਾ। ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਹ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਤੋਂ ਫੀਸ ਨਹੀਂ ਲਵੇਗਾ ਪਰ ਹੁਣ ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨੀ ਸੈਨਾ ਨੇ ਕਿਹਾ ਹੈ ਕਿ ਉਹ ਕੱਲ੍ਹ ਨੂੰ ਵੀ ਆਉਣ ਵਾਲੇ ਸ਼ਰਧਾਲੂਆਂ ਤੋਂ ਫੀਸ ਵਸੂਲੇਗਾ।
Major Asif Ghafoor
ਇਸ ਤੋਂ ਪਹਿਲਾਂ ਵੀ ਪਾਕਿਸਤਾਨੀ ਸੈਨਾ ਨੇ ਆਪਣੇ ਹੀ ਪ੍ਰਧਾਨਮੰਤਰੀ ਦੇ ਫੈਸਲੇ ਨੂੰ ਪਲਟ ਦਿੱਤਾ ਸੀ। ਜਿਸ ਵਿਚ ਇਮਰਾਨ ਖਾਨ ਨੇ ਕਿਹਾ ਸੀ ਕਿ ਭਾਰਤੀ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਲੋੜ ਨਹੀਂ ਹੋਵੇਗੀ, ਸਗੋਂ ਉਹ ਆਪਣਾ ਇੱਕ ਮਾਨਤਾ ਪ੍ਰਾਪਤ ਪਛਾਣ ਪੱਤਰ ਦਿਖਾ ਕੇ ਲਾਘੇ ਰਾਹੀਂ ਆ ਸਕਦੇ ਹਨ ਪਰ ਪਾਕਿ ਸੈਨਾ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਕਿਹਾ ਕਿ ਸਿੱਖ ਸ਼ਰਧਾਲੂਆਂ ਨੂੰ ਲਾਂਘੇ ਰਾਹੀਂ ਆਉਣ ਲਈ ਭਾਰਤੀ ਪਾਸਪੋਰਟ ਦੀ ਲੋੜ ਪਵੇਗੀ।
Prime Minister Narendra Modi
ਦੱਸ ਦਈਏ ਕਿ ਭਲਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਾਲੇ ਪਾਸੇ ਵੱਲ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨਾ ਹੈ ਅਤੇ ਭਲਕੇ ਹੀ ਭਾਰਤੀ ਸ਼ਰਧਾਲੂਆਂ ਦਾ ਜੱਥਾ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨਾਂ ਲਈ ਰਵਾਨਾ ਹੋਵੇਗਾ।