
2020 ਦੀਆਂ ਚੋਣਾਂ ਨੂੰ ਲੈ ਕੇ ਟਰੰਪ ਨੇ ਦਿਤੀ ਚਿਤਾਵਨੀ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਦੇ ਖ਼ਿਲਾਫ਼ ਚੱਲ ਰਹੇ ਮਹਾਂਦੋਸ਼ ਦੀ ਕਾਰਵਾਈ 'ਤੇ ਨਰਾਜ਼ਗੀ ਜਤਾਉਂਦੇ ਹੋਏ ਅਪਣੇ ਸਮਰਥਕਾਂ ਨੂੰ ਕਿਹਾ ਕਿ ਉਹ ਦੁਬਾਰਾ ਚੋਣ ਜਿੱਤਣ ਜਾ ਰਹੇ ਹਨ। ਟਰੰਪ ਨੇ ਲੁਸੀਆਨਾ 'ਚ ਬੁਧਵਾਰ ਨੂੰ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਆਗਾਹ ਕੀਤਾ ਕਿ ਜੇਕਰ ਉਹ 2020 ਦੀਆਂ ਚੋਣਾਂ 'ਚ ਮੁੜ ਨਾ ਚੁਣੇ ਗਏ ਤਾਂ ਦੇਸ਼ ਤਣਾਅ ਵਲ ਵਧ ਜਾਵੇਗਾ।
ਟਰੰਪ ਨੇ ਲੁਸੀਆਨਾ ਦੇ ਗਵਰਨਰ ਦੀ ਚੋਣ ਤੋਂ ਪਹਿਲਾਂ ਇਕ ਰੈਲੀ 'ਚ ਅਪਣੇ ਸਮਰਥਕਾਂ ਨੂੰ ਕਿਹਾ ਕਿ ਅਸੀਂ ਜਿੱਤ ਰਹੇ ਹਾਂ। ਅਸੀਂ ਹੈਰਾਨੀਜਨਕ ਢੰਗ ਨਾਲ ਜਿੱਤ ਰਹੇ ਹਾਂ। ਪਹਿਲੇ ਨੰਬਰ 'ਤੇ ਆਉਣਾ ਅਜੇ ਬਾਕੀ ਹੈ। ਹਾਲਾਂਕਿ ਹਾਲ 'ਚ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਨੂੰ ਕਈ ਸੂਬਾਈ ਚੋਣਾਂ ਤੇ ਸਥਾਨਕ ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਲੁਸੀਆਨਾ 'ਚ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਦੇਸ਼ ਦੀ ਅਰਥਵਿਵਸਥਾ ਚੰਗੀ ਹੋਈ ਹੈ। ਉਨ੍ਹਾਂ ਨੇ ਚਿਤਾਵਨੀ ਦਿਤੀ ਕਿ ਜੇਕਰ 2020 ਦੀਆਂ ਚੋਣਾਂ 'ਚ ਉਨ੍ਹਾਂ ਨੂੰ ਦੁਬਾਰਾ ਨਹੀਂ ਚੁਣਿਆ ਗਿਆ ਤਾਂ ਦੇਸ਼ ਤਣਾਅ ਵਲ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਇਥੇ ਅਜਿਹਾ ਤਣਾਅ ਹੋ ਸਕਦਾ ਹੈ, ਜੋ ਪਹਿਲਾਂ ਕਦੇ ਨਾ ਦੇਖਿਆ ਗਿਆ ਹੋਵੇ। ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਅਮਰੀਕੀਆਂ ਨਾਲ ਕੀਤੇ ਗਏ ਦਾਅਵਿਆਂ ਨੂੰ ਪੂਰਾ ਕਰ ਰਿਹਾ ਹੈ
ਜਦਕਿ ਮਨਮੌਜੀ ਉਦਾਰਵਾਦੀ ਡੈਮੋਕ੍ਰੇਟ ਰਾਸ਼ਟਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਟਰੰਪ ਨੇ ਕਿਹਾ ਕਿ ਡੈਮੋਕ੍ਰੇਟ ਕਾਨੂੰਨ ਦੇ ਸ਼ਾਸਨ ਨੂੰ ਖ਼ਤਮ ਕਰਨਾ ਚਾਹੁੰਦੇ ਹਨ, ਧਾਰਮਿਕ ਆਸਥਾ ਰੱਖਣ ਵਾਲਿਆਂ ਨੂੰ ਸਜ਼ਾ ਦੇਣਾ ਚਾਹੁੰਦੇ ਹਨ, ਇੰਟਰਨੈੱਟ 'ਤੇ ਤੁਹਾਨੂੰ ਚੁੱਪ ਕਰਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਮਹਾਦੋਸ਼ ਦੀ ਕਾਰਵਾਈ ਦੀ ਵੀ ਨਿੰਦਾ ਕੀਤੀ ਤੇ ਇਸ ਨੂੰ ਅਪਣੇ ਵਿਰੁਧ ਸਾਜ਼ਿਸ਼ ਦਸਿਆ।