
ਟਰੰਪ ਪ੍ਰਸ਼ਾਸਨ ਦਾ ਸਾਥ ਛੱਡਣ ਵਾਲੇ ਸਿਖਰਲੇ ਅਧਿਕਾਰੀਆਂ ਦੀ ਸੂਚੀ ਵਿਚ ਊਰਜਾ ਮੰਤਰੀ...
ਵਾਸ਼ਿੰਗਟਨ: ਟਰੰਪ ਪ੍ਰਸ਼ਾਸਨ ਦਾ ਸਾਥ ਛੱਡਣ ਵਾਲੇ ਸਿਖਰਲੇ ਅਧਿਕਾਰੀਆਂ ਦੀ ਸੂਚੀ ਵਿਚ ਊਰਜਾ ਮੰਤਰੀ ਰਿਕ ਪੇਰੀ ਦਾ ਵੀ ਨਾਂ ਜੁੜ ਗਿਆ ਹੈ। ਉਨ੍ਹਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਹ ਅਸਤੀਫ਼ਾ ਦੇਣ ਜਾ ਰਹੇ ਹਨ। ਪੇਰੀ ਦਾ ਨਾਂ ਯੂਕਰੇਨ ਸਕੈਂਡਲ ਵਿਚ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਸੰਸਦੀ ਕਮੇਟੀ ਨੇ ਪੇਰੀ ਤੋਂ ਦਸਤਾਵੇਜ਼ ਮੰਗੇ ਹਨ।
Trump
ਟਰੰਪ ਦਾ ਦੋਸ਼ ਹੈ ਕਿ ਉਨ੍ਹਾਂ ਬੀਤੀ 25 ਜੁਲਾਈ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮਿਰ ਜੈਲੇਂਸਕੀ ਨਾਲ ਫੋਨ 'ਤੇ ਗੱਲਬਾਤ ਕੀਤੀ ਸੀ ਅਤੇ ਰਾਸ਼ਟਰਪਤੀ ਚੋਣਾਂ ਵਿਚ ਆਪਣੇ ਸੰਭਾਵਤ ਡੈਮੋਕ੍ਰੇਟ ਵਿਰੋਧੀ ਜੋ ਬਿਡੇਨ ਨੂੰ ਬਦਨਾਮ ਕਰਨ ਲਈ ਉਨ੍ਹਾਂ 'ਤੇ ਦਬਾਅ ਬਣਾਇਆ ਸੀ। ਇਸੇ ਮਾਮਲੇ ਨੂੰ ਲੈ ਕੇ ਟਰੰਪ ਖ਼ਿਲਾਫ਼ ਮਹਾਦੋਸ਼ ਚਲਾਉਣ ਲਈ ਜਾਂਚ ਚੱਲ ਰਹੀ ਹੈ। ਟਰੰਪ ਨੇ ਟੈਕਸਾਸ 'ਚ ਦੱਸਿਆ ਕਿ ਪੇਰੀ ਸਾਲ ਦੇ ਆਖ਼ਰ ਵਿਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਪੇਰੀ ਦੇ ਅਸਤੀਫ਼ੇ ਦੀਆਂ ਅਟਕਲਾਂ ਪਿਛਲੇ ਕਈ ਹਫ਼ਤੇ ਤੋਂ ਲਗਾਈਆਂ ਜਾ ਰਹੀਆਂ ਸਨ।
Donald Trump
ਇਹ ਖ਼ਬਰ ਆਈ ਸੀ ਕਿ ਬਿਡੇਨ ਦੇ ਬੇਟੇ ਹੰਟਰ ਖ਼ਿਲਾਫ਼ ਜਾਂਚ ਸ਼ੁਰੂ ਕਰਵਾਉਣ ਲਈ ਯੂਕਰੇਨੀ ਅਧਿਕਾਰੀਆਂ 'ਤੇ ਦਬਾਅ ਬਣਾਉਣ ਵਿਚ ਉਨ੍ਹਾਂ ਵੀ ਭੂਮਿਕਾ ਨਿਭਾਈ ਸੀ। ਪੇਰੀ ਨੇ ਬੀਤੇ ਬੁੱਧਵਾਰ ਨੂੰ ਵਾਲ ਸਟਰੀਟ ਜਰਨਲ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਟਰੰਪ ਦੇ ਨਿਰਦੇਸ਼ 'ਤੇ ਯੂਕਰੇਨ ਸਬੰਧੀ ਮਾਮਲਿਆਂ ਨੂੰ ਲੈ ਕੇ ਉਨ੍ਹਾਂ ਦੇ ਨਿੱਜੀ ਵਕੀਲ ਰੂਡੀ ਗਿਊਲਿਯਾਨੀ ਦੇ ਸੰਪਰਕ ਵਿਚ ਸਨ। ਪੇਰੀ (69) ਨੇ ਮਾਰਚ, 2017 ਵਿਚ ਊਰਜਾ ਮੰਤਰੀ ਦਾ ਅਹੁਦਾ ਸੰਭਾਲਿਆ ਸੀ।
ਟਰੰਪ ਪ੍ਰਸ਼ਾਸਨ ਛੱਡਣ ਵਾਲੇ ਕੁਝ ਪ੍ਰਮੁੱਖ ਨਾਂ
11 ਅਕਤੂਬਰ, 2019 ਨੂੰ ਕੈਵਿਨ ਮੈਕਲੀਨਨ ਨੇ ਕਾਰਜਕਾਰੀ ਗ੍ਰਹਿ ਸੁਰੱਖਿਆ ਮੰਤਰੀ ਦਾ ਅਹੁਦਾ ਛੱਡਿਆ
ਸੱਤ ਅਪ੍ਰੈਲ, 2019 ਨੂੰ ਕਸਟਰਜੇਨ ਨੀਲਸਨ ਦਾ ਗ੍ਰਹਿ ਸੁਰੱਖਿਆ ਮੰਤਰੀ ਅਹੁਦੇ ਤੋਂ ਅਸਤੀਫ਼ਾ
31 ਦਸੰਬਰ, 2018 ਨੂੰ ਜੇਮਸ ਮੈਟਿਸ ਦਾ ਰੱਖਿਆ ਮੰਤਰੀ ਅਹੁਦੇ ਤੋਂ ਅਸਤੀਫ਼ਾ
ਨੌਂ ਅਕਤੂਬਰ, 2018 ਨੂੰ ਭਾਰਤਵੰਸ਼ੀ ਨਿਕੀ ਹੇਲੀ ਦਾ ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ ਅਹੁਦੇ ਤੋਂ ਅਸਤੀਫ਼ਾ
31 ਮਾਰਚ, 2018 ਨੂੰ ਰੈਕਸ ਟਿਲਰਸਨ ਨੇ ਵਿਦੇਸ਼ ਮੰਤਰੀ ਦਾ ਅਹੁਦਾ ਛੱਡਿਆ
31 ਜੁਲਾਈ, 2017 ਨੂੰ ਜਾਨ ਐੱਫ ਕੈਲੀ ਦਾ ਗ੍ਰਹਿ ਸੁਰੱਖਿਆ ਮੰਤਰੀ ਅਹੁਦੇ ਤੋਂ ਅਸਤੀਫ਼ਾ