
ਵਿਸ਼ਵ ਸਿਹਤ ਸੰਗਠਨ ਦੀ ਇਸ ਰੀਪੋਰਟ ਮੁਤਾਬਕ ਮਰਨ ਵਾਲੇ ਹਰ 9 ਵਿਅਕਤੀਆਂ ਵਿਚ ਇਕ ਭਾਰਤੀ ਹੈ।
ਨਵੀਂ ਦਿੱਲੀ, ( ਭਾਸ਼ਾ ) : ਦੁਨੀਆ ਭਰ ਵਿਚ ਹਰ 23ਵੇਂ ਸੈਕੰਡ 'ਚ ਇਕ ਵਿਅਕਤੀ ਦੀ ਮੌਤ ਹੁੰਦੀ ਹੈ। ਸੜਕ ਸੁਰੱਖਿਆ 'ਤੇ ਆਧਾਰਿਤ ਗਲੋਬਲ ਸਟੇਟਸ ਰੀਪੋਰਟ ਵਿਚ ਭਾਰਤ ਦੀ ਹਾਲਤ ਸੱਭ ਤੋਂ ਮਾੜੀ ਦਰਸਾਈ ਗਈ ਹੈ। ਇਥੇ ਸੜਕ ਹਾਦਸਿਆਂ ਵਿਚ ਸੱਭ ਤੋਂ ਵੱਧ ਮੌਤਾਂ ਹੁੰਦੀਆਂ ਹਨ। ਇਹ ਰੀਪੋਰਟ ਵਿਸ਼ਵ ਸਿਹਤ ਸੰਗਠਨ ਵੱਲੋਂ ਤਿਆਰ ਕੀਤੀ ਗਈ ਹੈ। ਰੀਪੋਰਟ ਵਿਚ ਇਹ ਕਿਹਾ ਗਿਆ ਹੈ ਕਿ ਭਾਰਤ ਵਿਚ ਜਿਆਦਾਤਰ ਬੱਚੇ ਅਤੇ ਨੌਜਵਾਨ ਬੀਮਾਰੀ ਨਹੀਂ ਸਗੋਂ ਸੜਕ ਹਾਦਸਿਆਂ ਕਾਰਨ ਅਕਾਲ ਹੀ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ।
WHO
ਰੀਪੋਰਟ ਦੇ ਅੰਕੜਿਆਂ ਮੁਤਾਬਕ ਦੁਨੀਆ ਭਰ ਵਿਚ ਸਾਲ 2016 ਵਿਚ ਸੜਕ ਦੁਰਘਟਨਾਵਾਂ ਵਿਚ 13.5 ਲੱਖ ਲੋਕਾਂ ਦੀ ਮੌਤ ਹੋਈ। ਜਦਕਿ ਸਾਲ 2013 ਵਿਚ ਇਹ ਅੰਕੜਾ 12.5 ਲੱਖ ਸੀ। ਵਿਸ਼ਵ ਸਿਹਤ ਸੰਗਠਨ ਦੀ ਇਸ ਰੀਪੋਰਟ ਮੁਤਾਬਕ ਮਰਨ ਵਾਲੇ ਹਰ 9 ਵਿਅਕਤੀਆਂ ਵਿਚ ਇਕ ਭਾਰਤੀ ਹੈ। ਉਥੇ ਹੀ ਬੱਚਿਆਂ ਅਤੇ ਨੌਜਵਾਨਾਂ ( 5-29 ) ਵਿਚ ਮੌਤ ਦਾ ਵੱਡਾ ਕਾਰਨ ਸੜਕ ਹਾਦਸੇ ਹਨ। ਇਸ ਤੋਂ ਇਹ ਪਤਾ ਚਲਦਾ ਹੈ ਕਿ ਮੌਜੂਦਾ ਸਮੇਂ ਵਿਚ ਬਾਲ ਸਿਹਤ ਏਜੰਡੇ ਵਿਚ ਬਦਲਾਅ ਦੀ ਲੋੜ ਹੈ ਕਿਉਂਕਿ ਇਸ ਵਿਚ ਬਹੁਤ ਹੱਦ ਤਕ ਸੜਕ ਸੁਰੱਖਿਆ ਨੂੰ ਅਣਗੌਲਿਆ ਕੀਤਾ ਜਾਂਦਾ ਹੈ।
UN Decade of Action for Road Safety
ਦੱਸ ਦਈਏ ਕਿ ਇਹ ਅੰਕੜੇ ਹੈਰਾਨੀਜਨਕ ਹਨ। ਸੰਯੁਕਤ ਰਾਸ਼ਟਰ ਮਹਾਸਭਾ ਨੇ 2010-2020 ਨੂੰ ਸੜਕ ਸੁਰੱਖਿਆ ਲਈ ਕਾਰਵਾਈ ਦਹਾਕੇ ਦੇ ਤੌਰ 'ਤੇ ਅਪਣਾਣਿਆ ਹੈ ਅਤੇ ਸੜਕ ਹਾਦਸਿਆਂ ਨਾਲ ਵਿਸ਼ਵ ਪੱਧਰ 'ਤੇ ਪੈਣ ਵਾਲੇ ਮਾੜੇ ਅਸਰ ਦੀ ਪਛਾਣ ਕਰਨ ਦੇ ਨਾਲ ਹੀ ਇਸ ਮਿਆਦ ਦੌਰਾਨ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਵਿਚ ਵੱਖ-ਵੱਖ ਉਪਰਾਲਿਆਂ ਰਾਹੀ 50 ਫ਼ੀ ਸਦੀ ਕਮੀ ਦਾ ਟੀਚਾ ਮਿੱਥਿਆ ਗਿਆ ਸੀ। ਜਿਸ ਵਿਚ ਕਈ ਦੇਸ਼ਾਂ ਨੇ ਕਿਹਾ ਸੀ ਕਿ ਉਹ ਸੜਕ ਹਾਦਸਿਆਂ ਵਿਚ ਕਮੀ ਲਿਆਉਣ ਦੀਆਂ ਕੋਸ਼ਿਸ਼ਾਂ ਕਰਨਗੇ।
Tedros Adhanom
ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡ੍ਰੋਸ ਅਧਾਨੋਮ ਦਾ ਕਹਿਣਾ ਹੈ ਕਿ ਕਾਰਵਾਈ ਨਾ ਕਰਨ ਪਿੱਛੇ ਕੋਈ ਬਹਾਨਾ ਨਹੀਂ ਹੈ। ਕਿਉਂਕਿ ਇਹ ਇਕ ਅਜਿਹੀ ਸਮੱਸਿਆ ਹੈ ਜਿਸ ਦਾ ਹੱਲ ਵੀ ਹੈ। ਇਹ ਅੰਕੜੇ ਭਾਰਤੀ ਸੜਕ ਆਵਾਜਾਈ ਮੰਤਰਾਲੇ ਨੇ ਸਾਂਝੇ ਕੀਤੇ ਹਨ। ਅੰਕੜਿਆਂ ਵਿਚ ਕਿਹਾ ਗਿਆ ਹੈ ਕਿ ਸੜਕ ਹਾਦਸਿਆਂ ਵਿਚ ਮੌਤ ਦਾ ਅੰਕੜਾ ਭਾਰਤ ਵਿਚ ਸਾਲ 2016 ਵਿਚ 1.51 ਲੱਖ ਸੀ। ਉਥੇ ਹੀ ਅਗਲੇ ਸਾਲ 2017 ਵਿਚ ਇਹ ਅੰਕੜਾ 1.46 ਲੱਖ ਤੱਕ ਪੁੱਜ ਗਿਆ।