ਦੁਵੱਲੇ ਅਤੇ ਖੇਤਰੀ ਮੁੱਦਿਆਂ 'ਤੇ ਹੋਈ ਚਰਚਾ
ਨਵੀਂ ਦਿੱਲੀ - ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨ.ਐਸ.ਏ.) ਅਜੀਤ ਡੋਵਾਲ ਨੇ ਵੀਰਵਾਰ ਨੂੰ ਮਾਸਕੋ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਵੱਖ-ਵੱਖ ਦੁਵੱਲੇ ਅਤੇ ਖੇਤਰੀ ਮੁੱਦਿਆਂ 'ਤੇ ਗੱਲਬਾਤ ਕੀਤੀ, ਅਤੇ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਕ ਭਾਈਵਾਲੀ ਲਾਗੂ ਕਰਨ ਲਈ ਕੰਮ ਕਰਨ ਉੱਤੇ ਸਹਿਮਤੀ ਪ੍ਰਗਟਾਈ।
ਰੂਸ 'ਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਗੱਲਬਾਤ ਦੋ-ਪੱਖੀ ਅਤੇ ਖੇਤਰੀ ਮੁੱਦਿਆਂ 'ਤੇ ਕੇਂਦਰਿਤ ਸੀ। ਹਾਲਾਂਕਿ, ਉਨ੍ਹਾਂ ਨੇ ਮੁੱਦਿਆਂ ਬਾਰੇ ਵੇਰਵੇ ਨਹੀਂ ਸਾਂਝੇ ਕੀਤੇ।
ਦੂਤਾਵਾਸ ਨੇ ਟਵਿੱਟਰ 'ਤੇ ਕਿਹਾ ਕਿ ਐਨ.ਐਸ.ਏ. ਡੋਵਾਲ ਨੇ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਕੀਤੀ। ਟਵੀਟ 'ਚ ਕਿਹਾ ਗਿਆ, ''ਵੱਖ-ਵੱਖ ਦੁਵੱਲੇ ਅਤੇ ਖੇਤਰੀ ਮੁੱਦਿਆਂ 'ਤੇ ਚਰਚਾ ਕੀਤੀ ਗਈ। ਭਾਰਤ-ਰੂਸ ਰਣਨੀਤਕ ਭਾਈਵਾਲੀ ਲਾਗੂ ਕਰਨ ਲਈ ਕੰਮ ਕਰਨਾ ਜਾਰੀ ਰੱਖਣ 'ਤੇ ਸਹਿਮਤੀ ਬਣੀ।"
ਡੋਵਾਲ ਬੁੱਧਵਾਰ ਨੂੰ ਦੋ ਦਿਨਾਂ ਦੌਰੇ 'ਤੇ ਰੂਸ ਗਏ ਸਨ।
ਭਾਰਤ ਵਿੱਚ ਰੂਸ ਦੇ ਰਾਜਦੂਤ ਡੇਨਿਸ ਅਲੀਪੋਵ ਨੇ ਸੋਮਵਾਰ ਨੂੰ ਕਿਹਾ ਕਿ ਰੂਸ ਭਾਰਤ ਨਾਲ ਆਪਣੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦਾ ਹੈ।
ਐਨ.ਐਸ.ਏ. ਦੇ ਦੌਰੇ ਤੋਂ ਕਰੀਬ ਤਿੰਨ ਮਹੀਨੇ ਪਹਿਲਾਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਰੂਸ ਗਏ ਸਨ। ਇਸ ਦੌਰਾਨ ਦੋਵਾਂ ਧਿਰਾਂ ਨੇ ਆਪਣੇ ਆਰਥਿਕ ਸਬੰਧਾਂ ਨੂੰ ਵਧਾਉਣ ਦਾ ਸੰਕਲਪ ਲਿਆ, ਜਿਸ ਵਿੱਚ ਭਾਰਤ ਦੁਆਰਾ ਰੂਸ ਤੋਂ ਪੈਟਰੋਲੀਅਮ ਉਤਪਾਦਾਂ ਦੀ ਦਰਾਮਦ ਵੀ ਸ਼ਾਮਲ ਹੈ।
ਡੋਵਾਲ ਨੇ ਬੁੱਧਵਾਰ ਨੂੰ ਅਫ਼ਗਾਨਿਸਤਾਨ 'ਤੇ ਸੁਰੱਖਿਆ ਪ੍ਰੀਸ਼ਦ ਦੇ ਸਕੱਤਰਾਂ/ਐੱਨ.ਐੱਸ.ਏ. ਦੀ ਪੰਜਵੀਂ ਬੈਠਕ 'ਚ ਹਿੱਸਾ ਲਿਆ। ਇਹ ਬੈਠਕ ਰੂਸ ਨੇ ਬੁਲਾਈ ਸੀ।
ਡੋਵਾਲ ਨੇ ਬੈਠਕ 'ਚ ਕਿਹਾ ਕਿ ਕਿਸੇ ਵੀ ਦੇਸ਼ ਨੂੰ ਅੱਤਵਾਦ ਤੇ ਕੱਟੜਪੰਥ ਫ਼ੈਲਾਉਣ ਲਈ ਅਫ਼ਗਾਨਿਸਤਾਨ ਦੀ ਧਰਤੀ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ, ਅਤੇ ਭਾਰਤ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਜ਼ਰੂਰਤ ਦੇ ਸਮੇਂ 'ਚ ਕਦੇ ਵੀ ਇਕੱਲਾ ਨਹੀਂ ਛੱਡੇਗਾ।
ਰੂਸ ਅਤੇ ਭਾਰਤ ਤੋਂ ਇਲਾਵਾ ਈਰਾਨ, ਕਜ਼ਾਕਿਸਤਾਨ, ਕਿਰਗਿਸਤਾਨ, ਚੀਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਨੁਮਾਇੰਦਿਆਂ ਨੇ ਮੀਟਿੰਗ ਵਿੱਚ ਹਿੱਸਾ ਲਿਆ।
ਡੋਵਾਲ ਜੀ-20 ਵਿਦੇਸ਼ ਮੰਤਰੀਆਂ ਦੀ ਕੁਝ ਹਫ਼ਤਿਆਂ ਬਾਅਦ ਦਿੱਲੀ ਵਿੱਚ ਹੋਣ ਵਾਲੀ ਬੈਠਕ ਤੋਂ ਪਹਿਲਾਂ ਰੂਸ ਗਏ ਹਨ।
ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ 1 ਅਤੇ 2 ਮਾਰਚ ਨੂੰ ਹੋਣ ਵਾਲੀ ਬੈਠਕ 'ਚ ਸ਼ਾਮਲ ਹੋਣ ਲਈ ਭਾਰਤ ਆ ਸਕਦੇ ਹਨ।