
ਬੱਚੀ ਨੂੰ ਰੋਂਦਿਆਂ ਦੇਖ ਗੁਆਂਢੀਆਂ ਨੇ ਸੱਦੀ ਪੁਲੀਸ
ਮੁੰਬਈ: ਅਮਰੀਕਾ ਦੇ ਨਿਊਜਰਸੀ ਵਿਚ ਭਾਰਤੀ ਜੋੜੇ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਕ ਭਾਰਤੀ ਜੋੜਾ ਅਪਣੇ ਘਰ ਵਿਚ ਹੀ ਮ੍ਰਿਤਕ ਪਾਇਆ ਗਿਆ। ਗੁਆਂਢੀਆਂ ਨੂੰ ਇਸ ਬਾਰੇ ਉਦੋਂ ਪਤਾ ਚੱਲਿਆ ਜਦੋਂ ਮ੍ਰਿਤਕ ਜੋੜੇ ਦੀ ਚਾਰ ਸਾਲਾ ਧੀ ਬਾਲਕਨੀ ਵਿਚ ਇਕੱਲੀ ਰੋ ਰਹੀ ਸੀ।
Indian couple found dead in US
ਇਹ ਜਾਣਕਾਰੀ ਪਰਿਵਾਰਕ ਸੂਤਰਾਂ ਨੇ ਦਿੱਤੀ ਹੈ। ਬਾਲਾਜੀ ਭਾਰਤ ਰੁਦਰਵਾਰ ਅਤੇ ਉਹਨਾਂ ਦੀ ਪਤਨੀ ਆਰਤੀ ਬਾਲਾਜੀ ਰੁਦਰਵਾਰ ਦੀ ਲਾਸ਼ ਨਿਊਜਰਸੀ ਵਿਚ ਉਹਨਾਂ ਦੇ ਘਰ ਵਿਚੋਂ ਮਿਲੀ। ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਬਾਲਾਜੀ ਦੇ ਪਿਤਾ ਭਾਰਤ ਰੁਦਰਵਾਰ ਨੇ ਦੱਸਿਆ, ‘ਗੁਆਂਢੀਆਂ ਨੇ ਮੇਰੀ ਪੋਤੀ ਨੂੰ ਬਾਲਕਨੀ ਵਿਚ ਰੋਂਦਿਆਂ ਦੇਖਿਆ ਅਤੇ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ। ਜਦੋਂ ਪੁਲਿਸ ਘਰ ਵਿਚ ਆਈ ਤਾਂ ਉੱਥੇ ਜੋੜੇ ਦੀਆਂ ਲਾਸ਼ਾਂ ਮਿਲੀਆਂ’।
Indian couple found dead in US
ਕਈ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਜੋੜੇ ਦੇ ਸਰੀਰ ਉੱਤੇ ਚਾਕੂ ਨਾਲ ਵਾਰ ਹੋਣ ਦੀ ਪੁਸ਼ਟੀ ਹੋਈ ਹੈ। ਮ੍ਰਿਤਕ ਵਿਅਕਤੀ ਦੇ ਪਿਤਾ ਨੇ ਦੱਸਿਆ ਕਿ ਮੌਤ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਅਮਰੀਕੀ ਪੁਲਿਸ ਨੇ ਦੱਸਿਆ ਕਿ ਉਹ ਜਲਦ ਹੀ ਪੋਸਟਮਾਰਟਮ ਰਿਪੋਰਟ ਸਾਂਝੀ ਕਰਨਗੇ। ਉਹਨਾਂ ਦੱਸਿਆ ਕਿ ਉਹਨਾਂ ਦਾ ਪੁੱਤਰ ਅਤੇ ਨੂੰਹ ਖੁਸ਼ ਸਨ ਅਤੇ ਉਹਨਾਂ ਦੇ ਗੁਆਂਢੀ ਵੀ ਚੰਗੇ ਸੀ। ਉਹਨਾਂ ਕਿਹਾ, ‘ਮੇਰੀ ਨੂੰਹ ਸੱਤ ਮਹੀਨੇ ਦੀ ਗਰਭਵਤੀ ਸੀ। ਅਸੀਂ ਉਸ ਦੇ ਘਰ ਗਏ ਅਤੇ ਫਿਰ ਤੋਂ ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਸਨ।‘
ਅਮਰੀਕੀ ਅਧਿਕਾਰੀਆਂ ਅਨੁਸਾਰ ਕੁਝ ਜ਼ਰੂਰੀ ਰਸਮਾਂ ਤੋਂ ਬਾਅਦ ਲਾਸ਼ਾਂ ਨੂੰ ਭਾਰਤ ਪਹੁੰਚਾਉਣ ਲਈ ਘੱਟੋ ਘੱਟ 8-10 ਦਿਨ ਦਾ ਸਮਾਂ ਲੱਗੇਗਾ। ਭਾਰਤ ਰੁਦਰਵਾਰ ਨੇ ਦੱਸਿਆ ਕਿ ਹੁਣ ਉਹਨਾਂ ਦੀ ਪੋਤੀ ਉਹਨਾਂ ਦੇ ਦੋਸਤ ਦੇ ਘਰ ਹੈ। ਦੱਸ ਦਈਏ ਕਿ ਮਹਾਰਾਸ਼ਟਰ ਵਿਚ ਬੀਡ ਜ਼ਿਲ੍ਹੇ ਦੇ ਆਈਟੀ ਪੇਸ਼ੇਵਰ ਬਾਲਾਜੀ ਰੁਦਰਵਾਰ ਅਗਸਤ 2015 ਵਿਚ ਅਪਣੀ ਪਤਨੀ ਨਾਲ ਅਮਰੀਕਾ ਗਏ ਸੀ। ਉਹਨਾਂ ਦਾ ਵਿਆਹ ਦਸੰਬਰ 2014 ਵਿਚ ਹੋਇਆ ਸੀ।