
ਕੈਨੇਡਾ ’ਚ ਇਕ ਸਿੱਖ ਪ੍ਰਦਰਸ਼ਨਕਾਰੀ ਗ੍ਰਿਫ਼ਤਾਰ
ਟੋਰਾਂਟੋ/ਲੰਡਨ/ਕੈਨਬਰਾ: ਪਿਛਲੇ ਮਹੀਨੇ ਖ਼ਾਲਿਸਤਾਨੀ ਹਮਾਇਤੀ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਸਿੱਖਜ਼ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵਲੋਂ ਦਿਤੇ ਸੱਦੇ ’ਤੇ ਅੱਜ ਕੈਨੇਡਾ, ਯੂ.ਕੇ. ਅਤੇ ਆਸਟ੍ਰੇਲੀਆ ਵਿਚ ਸਿੱਖਾਂ ਨੇ ਭਾਰਤੀ ਸਫ਼ਾਰਤਖ਼ਾਨਿਆਂ ਬਾਹਰ ਪ੍ਰਦਰਸ਼ਨ ਕੀਤਾ।
ਯੂ.ਕੇ. ਅਤੇ ਆਸਟ੍ਰੇਲੀਆ ਵਿਚ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਬਹੁਤ ਘੱਟ ਸੀ। ਇਸ ਦੇ ਨਾਲ ਹੀ ਸਥਾਨਕ ਪ੍ਰਸ਼ਾਸਨ ਅਤੇ ਪੁਲਸ ਨੇ ਵੀ ਦੂਤਘਰਾਂ ਦੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ।
ਹਾਲਾਂਕਿ ਕੈਨੇਡਾ ਦੇ ਟੋਰਾਂਟੋ ’ਚ ਭਾਰਤੀ ਸਫ਼ਾਰਤਖ਼ਾਨੇ ਦੇ ਸਾਹਮਣੇ ਸੈਂਕੜੇ ਪ੍ਰਦਰਸ਼ਨਕਾਰੀਆਂ ਦਾ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਤਿਰੰਗਾ ਲਹਿਰਾ ਕੇ ਵਿਰੋਧ ਕੀਤਾ। ਸੋਸ਼ਲ ਮੀਡੀਆ ’ਤੇ ਇਕ ਵਾਇਰਲ ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਇਕ ਪਾਸੇ ਖਾਲਿਸਤਾਨੀ ਸਮਰਥਕ ਭਾਰਤੀ ਸਫ਼ਾਰਤਖ਼ਾਨੇ ਦੇ ਸਾਹਮਣੇ ਨਾਅਰੇਬਾਜ਼ੀ ਕਰ ਰਹੇ ਹਨ। ਦੂਜੇ ਪਾਸੇ ਭਾਰਤੀ ਭਾਈਚਾਰੇ ਦੇ ਵੱਡੀ ਗਿਣਤੀ ਵਿਚ ਲੋਕ ਵੀ ਉਨ੍ਹਾਂ ਦਾ ਸਾਹਮਣਾ ਕਰਨ ਲਈ ਭਾਰਤ ਦੇ ਝੰਡੇ ਨਾਲ ਇਕੱਠੇ ਹੋਏ।
ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪਿਛਲੇ ਮਹੀਨੇ ਵੈਂਕੂਵਰ ’ਚ ਉਨ੍ਹਾਂ ਦੇ ਇਕ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਭਾਰਤ ਸਰਕਾਰ ਜ਼ਿੰਮੇਵਾਰ ਹੈ। ਹਰਦੀਪ ਸਿੰਘ ਨਿੱਝਰ ਖ਼ਾਲਿਸਤਾਨ ਦੇ ਹਮਾਇਤੀ ਸਨ। ਹਰਦੀਪ ਸਿੰਘ ਨਿੱਝਰ ਨੂੰ ਪਿਛਲੇ ਮਹੀਨੇ 18 ਜੂਨ ਨੂੰ ਸਰ੍ਹੀ ’ਚ ਕਤਲ ਕਰ ਦਿਤਾ ਗਿਆ ਸੀ, ਜੋ ਕਿ ਵੈਂਕੂਵਰ ਦਾ ਇਕ ਉਪਨਗਰ ਹੈ ਅਤੇ ਇਥੇ ਹੀ ਕੈਨੇਡਾ ’ਚ ਸਿੱਖਾਂ ਦੀ ਸਭ ਤੋਂ ਸੰਘਣੀ ਵਸੋਂ ਰਹਿੰਦੀ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਸਿੱਖਜ਼ ਫ਼ਾਰ ਜਸਟਿਸ ਦੇ ਅਮਰੀਕਾ ਅਧਾਰਤ ਬੁਲਾਰੇ ਕੁਲਜੀਤ ਸਿੰਘ ਨੇ ਕਿਹਾ ਕਿ ਜੇਕਰ ਕੋਈ ਭਾਰਤੀ ਏਜੰਸੀ ਅਤੇ ਸਿਸਟਮ ਕਿਸੇ ਜੁਰਮ ਨੂੰ ਅੰਜਾਮ ਦਿੰਦੇ ਹਨ ਤਾਂ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਪ੍ਰਦਰਸ਼ਨਕਾਰੀਆਂ ਨੇ ਕਥਿਤ ਖ਼ਾਲਿਸਤਾਨੀ ਝੰਡੇ ਚੁੱਕੇ ਹੋਏ ਸਨ ਅਤੇ ਉਹ ‘ਖ਼ਾਲਿਸਤਾਨ! ਖ਼ਾਲਿਸਤਾਨ!’ ਦੇ ਨਾਹਰੇ ਲਾ ਰਹੇ ਸਨ। ਇਕ ਹੋਰ ਪ੍ਰਦਰਸ਼ਨਕਾਰੀ ਅਤੇ ਵਕੀਲ ਹਰਕੀਰਤ ਸਿੰਘ ਨੇ ਮੰਗ ਕੀਤੀ ਕਿ ਇਹ ਇਕ ਸਿਆਸੀ ਕਤਲ ਸੀ ਅਤੇ ਇਸ ਦੀ ਰੋਇਲ ਕੈਨੇਡੀਅਨ ਮਾਊਂਟਡ ਪੁਲਿਸ (ਆਰ.ਸੀ.ਐਮ.ਪੀ.) ਨੂੰ ਜਾਂਚ ਕਰਨੀ ਚਾਹੀਦੀ ਹੈ।
ਦੂਜੇ ਪਾਸੇ ਖ਼ਾਲਿਸਤਾਨੀ ਹਮਾਇਤੀਆਂ ਦਾ ਵਿਰੋਧ ਕਰਨ ਲਈ 50 ਦੇ ਲਗਭਗ ਭਾਰਤੀ ਮੂਲ ਕੇ ਨਾਗਰਿਕ ਵੀ ਇਕੱਠੇ ਹੋਏ ਸਨ ਜੋ ਕਿ ਭਾਰਤੀ ਸਰਕਾਰ ਦੀ ਹਮਾਇਤ ’ਚ ਭਾਰਤੀ ਝੰਡੇ ਲਹਿਰਾ ਰਹੇ ਸਨ। ਇਸ ਧਿਰ ਦੇ ਇਕ ਪ੍ਰਦਰਸ਼ਨਕਾਰੀ ਵਿਜੈ ਜੈਨ ਨੇ ਕਿਹਾ, ‘‘ਅਸੀਂ ਬਹੁਤ ਚਿੰਤਤ ਹਾਂ ਕਿਉਂਕਿ ਇਨ੍ਹਾਂ ਜਥੇਬੰਦੀਆਂ ਨੇ ਪਹਿਲਾਂ ਵੀ ਅਤਿਵਾਦੀ ਹਮਲੇ ਕੀਤੇ ਹਨ ਅਤੇ ਸਿਆਸਤਦਾਨ ਇਨ੍ਹਾਂ ਵਿਰੁਧ ਕੋਈ ਕਾਰਵਾਈ ਨਹੀਂ ਕਰ ਰਹੇ ਹਨ।’’
ਦੋਹਾਂ ਧਿਰਾਂ ਵਲੋਂ ਇਕ ਦੂਜੇ ਵਿਰੁਧ ਪ੍ਰਦਰਸ਼ਨ ਦੌਰਾਨ ਇਕ ਸਿੱਖ ਨੂੰ ਬੈਰੀਕੇਡ ਟੱਪ ਕੇ ਦੂਜੇ ਪਾਸੇ ਜਾਣ ਦੀ ਕੋਸ਼ਿਸ਼ ਕਰਨ ਲਈ ਗ੍ਰਿਫਤਾਰ ਕਰ ਲਿਆ ਗਿਆ। 20 ਪੁਲਿਸ ਅਧਿਕਾਰੀਆਂ ਨੂੰ ਦੋਹਾਂ ਧਿਰਾਂ ਨੂੰ ਵੱਖ ਕਰਨ ਲਈ ਅੱਗੇ ਆਉਣਾ ਪਿਆ। ਦੂਜੇ ਪਾਸੇ ਲੰਡਨ ’ਚ ਭਾਰਤੀ ਸਫ਼ਾਰਤਖਾਨੇ ਬਾਹਰ ਸਨਿਚਰਵਾਰ ਨੂੰ ਖ਼ਾਲਿਸਤਾਨ ਹਮਾਇਤੀਆਂ ਦੇ ਵਿਰੋਧ ਪ੍ਰਦਰਸ਼ਨ ’ਚ ਬਹੁਤ ਘੱਟ ਲੋਕ ਸ਼ਾਮਲ ਹੋਏ।
ਰੈਲੀ ’ਚ ਭਰਤੀ ਹਾਈਕਮਿਸ਼ਨਰ ਵਿਕਰਮ ਦੁਰਈਸਵਾਮੀ ਅਤੇ ਬਰਮਿੰਘਮ ’ਚ ਭਾਰਤ ਦੇ ਦੂਤ ਡਾ. ਸ਼ਸ਼ਾਂਕ ਵਿਕਰਮ ਦੀਆਂ ਤਸਵੀਰਾਂ ਨਾਲ ਹਿੰਸਾ ਲਈ ਉਕਸਾਉਣ ਵਾਲੇ ਵਿਵਾਦਮਈ ਪੋਸਟਰਾਂ ਦਾ ਪ੍ਰਯੋਗ ਕੀਤਾ ਗਿਆ। ਵਿਰੋਧ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ’ਚ ਪੁਲਿਸ ਮੁਲਜ਼ਮ ਮੌਜੂਦ ਸਨ, ਪ੍ਰਦਰਸ਼ਨ ਬਹੁਤ ਛੇਤੀ ਖ਼ਤਮ ਹੋ ਗਿਆ।
ਮੈਟਰੋਪੋਲੀਟਨ ਪੁਲਿਸ ਦੇ ਬੁਲਾਰੇ ਨੇ ਪ੍ਰਦਰਸ਼ਨ ਤੋਂ ਪਹਿਲਾਂ ਕਿਹਾ ਸੀ, ‘‘ਲੋੜੀਂਦੇ ਪੁਲਿਸ ਪ੍ਰਬੰਧ ਕੀਤੇ ਜਾਣਗੇ।’’ ਇਸ ਹਫ਼ਤੇ ਦੀ ਸ਼ੁਰੂਆਤ ’ਚ ਖ਼ਾਲਿਸਤਾਨੀਆਂ ਵਲੋਂ ਭਾਰਤ ਵਿਰੋਧ ਪੋਸਟਰ ਸੋਸ਼ਲ ਮੀਡੀਆ ’ਤੇ ਜਨਤਕ ਕੀਤੇ ਜਾਣ ਤੋਂ ਬਾਅਦ ਬਰਤਾਨੀਆਂ ਸਰਕਾਰ ਨੇ ਐਲਾਨ ਕੀਤਾ ਸੀ ਕਿ ਲੰਡਨ ’ਚ ਭਾਰਤੀ ਸਫ਼ਾਰਤਖ਼ਾਨੇ ’ਤੇ ਕੋਈ ਵੀ ਹਮਲਾ ਨਾਮਨਜ਼ੂਰ ਹੈ।