
ਉਹਨਾਂ ਦਾ ਮੰਨਣਾ ਹੈ ਕਿ 21ਵੀਂ ਸਦੀ 'ਚ ਅਮਰੀਕਾ ਲਈ ਭਾਰਤ ਨਾਲ ਦੁਵੱਲੇ ਸਬੰਧ ਸਭ ਤੋਂ ਮਹੱਤਵਪੂਰਨ ਹਨ।
ਨਿਊਯਾਰਕ: ਅਮਰੀਕੀ ਵ੍ਹਾਈਟ ਹਾਊਸ ਨੇ ਦੁਨੀਆ 'ਚ ਭਾਰਤ ਦੇ ਵਧਦੇ ਪ੍ਰਭਾਵ 'ਤੇ ਪ੍ਰਤੀਕਿਰਿਆ ਦਿੱਤੀ ਹੈ। ਵ੍ਹਾਈਟ ਹਾਊਸ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਭਾਰਤ ਸੰਯੁਕਤ ਰਾਜ ਅਮਰੀਕਾ ਦਾ ਸਹਿਯੋਗੀ ਹੀ ਨਹੀਂ ਹੋਵੇਗਾ, ਸਗੋਂ ਇਕ ਹੋਰ ਵੱਡੀ ਤਾਕਤ ਬਣੇਗਾ। ਅਮਰੀਕੀ ਅਧਿਕਾਰੀ ਨੇ ਕਿਹਾ ਕਿ ਪਿਛਲੇ 20 ਸਾਲਾਂ 'ਚ ਭਾਰਤ-ਅਮਰੀਕਾ ਦੁਵੱਲੇ ਸਬੰਧ ਜਿੰਨੀ ਤੇਜ਼ੀ ਨਾਲ ਮਜ਼ਬੂਤ ਅਤੇ ਡੂੰਘੇ ਹੋਏ ਹਨ, ਅਜਿਹਾ ਕਿਸੇ ਹੋਰ ਦੁਵੱਲੇ ਸਬੰਧ ਨਾਲ ਨਹੀਂ ਹੋਇਆ ਹੈ।
ਇੱਥੇ ਆਯੋਜਿਤ 'ਅਸਪੇਨ ਸਕਿਓਰਿਟੀ ਫੋਰਮ' ਦੀ ਬੈਠਕ 'ਚ ਭਾਰਤ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਵਾਈਟ ਹਾਊਸ ਦੇ ਏਸ਼ੀਆ ਮਾਮਲਿਆਂ ਦੇ ਕੋਆਰਡੀਨੇਟਰ ਕੈਂਪਬੈਲ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ 21ਵੀਂ ਸਦੀ 'ਚ ਅਮਰੀਕਾ ਲਈ ਭਾਰਤ ਨਾਲ ਦੁਵੱਲੇ ਸਬੰਧ ਸਭ ਤੋਂ ਮਹੱਤਵਪੂਰਨ ਹਨ। ਵ੍ਹਾਈਟ ਹਾਊਸ ਦੇ ਚੋਟੀ ਦੇ ਅਧਿਕਾਰੀ ਨੇ ਕਿਹਾ, "ਇਹ ਇੱਕ ਸੱਚਾਈ ਹੈ ਕਿ ਪਿਛਲੇ 20 ਸਾਲਾਂ ਵਿਚ, ਮੈਂ ਅਮਰੀਕਾ ਅਤੇ ਭਾਰਤ ਵਿਚਕਾਰ ਕੋਈ ਵੀ ਦੁਵੱਲਾ ਸਬੰਧ ਨਹੀਂ ਦੇਖਿਆ ਜੋ ਇੰਨੀ ਤੇਜ਼ੀ ਨਾਲ ਡੂੰਘਾ ਅਤੇ ਮਜ਼ਬੂਤ ਹੁੰਦਾ ਜਾ ਰਿਹਾ ਹੋਵੇ।"
ਉਹਨਾਂ ਕਿਹਾ ਕਿ ਅਮਰੀਕਾ ਨੂੰ ਆਪਣੀ ਸਮਰੱਥਾ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਦੀ ਲੋੜ ਹੈ ਅਤੇ ਤਕਨਾਲੋਜੀ ਅਤੇ ਹੋਰ ਮੁੱਦਿਆਂ 'ਤੇ ਇਕੱਠੇ ਕੰਮ ਕਰਦੇ ਹੋਏ ਲੋਕਾਂ ਵਿਚਾਲੇ ਆਪਸੀ ਸੰਪਰਕ ਸਥਾਪਤ ਕਰਨ ਦੀ ਲੋੜ ਹੈ। ਕੈਂਪਬੈਲ ਨੇ ਕਿਹਾ, “ਭਾਰਤ ਅਮਰੀਕਾ ਦਾ ਸਹਿਯੋਗੀ ਨਹੀਂ ਹੋਵੇਗਾ। ਇਹ ਇਕ ਸੁਤੰਤਰ, ਸ਼ਕਤੀਸ਼ਾਲੀ ਦੇਸ਼ ਬਣਨ ਦੀ ਇੱਛਾ ਰੱਖਦਾ ਹੈ ਅਤੇ ਇਕ ਹੋਰ ਮਹਾਨ ਸ਼ਕਤੀ ਬਣ ਕੇ ਉਭਰੇਗਾ।"
ਕੈਂਪਬੈਲ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਇਹ ਇਕ ਅਜਿਹਾ ਰਿਸ਼ਤਾ ਹੈ ਜਿਸ ਵਿਚ ਕੋਈ ਨਾ ਕੋਈ ਲਾਲਸਾ ਹੋਣੀ ਚਾਹੀਦੀ ਹੈ। ਸਾਨੂੰ ਉਹਨਾਂ ਖੇਤਰਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜਿੱਥੇ ਅਸੀਂ ਇਕੱਠੇ ਕੰਮ ਕਰ ਸਕਦੇ ਹਾਂ। ਭਾਵੇਂ ਉਹ ਪੁਲਾੜ ਹੋਵੇ, ਸਿੱਖਿਆ ਹੋਵੇ, ਜਲਵਾਯੂ ਹੋਵੇ ਜਾਂ ਤਕਨਾਲੋਜੀ। ਸਾਨੂੰ ਇਸ ਦਿਸ਼ਾ ਵਿਚ ਅੱਗੇ ਵਧਣਾ ਚਾਹੀਦਾ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ-ਅਮਰੀਕਾ ਸਬੰਧ ਸਿਰਫ਼ ਚੀਨ ਦੀ ਚਿੰਤਾ ਕਾਰਨ ਨਹੀਂ ਬਣੇ ਹਨ। ਕੈਂਪਬੈਲ ਨੇ ਕਿਹਾ ਕਿ ਇਹ ਸਾਡੇ ਸਮਾਜਾਂ ਵਿਚਕਾਰ ਮਹੱਤਵਪੂਰਨ ਤਾਲਮੇਲ 'ਤੇ ਅਧਾਰਤ ਹਨ।