
ਪਾਕਿਸਤਾਨ 'ਚ 25 ਜੁਲਾਈ ਨੂੰ ਆਮ ਚੋਣਾਂ ਹੋਣੀਆਂ ਹਨ। 26/11 ਮੁੰਬਈ ਅਤਿਵਾਦੀ ਹਮਲੇ ਦਾ ਮੁੱਖ ਸਾਜ਼ਸ਼ਘਾੜਾ ਹਾਫ਼ਿਜ਼ ਸਈਦ ਇਸ ਚੋਣ 'ਚ ਹਿੱਸਾ ਨਹੀਂ ਲਵੇਗਾ......
ਲਾਹੌਰ, ਪਾਕਿਸਤਾਨ 'ਚ 25 ਜੁਲਾਈ ਨੂੰ ਆਮ ਚੋਣਾਂ ਹੋਣੀਆਂ ਹਨ। 26/11 ਮੁੰਬਈ ਅਤਿਵਾਦੀ ਹਮਲੇ ਦਾ ਮੁੱਖ ਸਾਜ਼ਸ਼ਘਾੜਾ ਹਾਫ਼ਿਜ਼ ਸਈਦ ਇਸ ਚੋਣ 'ਚ ਹਿੱਸਾ ਨਹੀਂ ਲਵੇਗਾ। ਹਾਲਾਂਕਿ ਇਸ ਚੋਣ 'ਚ ਜਮਾਤ-ਉਦ-ਦਾਵਾ ਦੇ 200 ਉਮੀਦਵਾਰ ਮੈਦਾਨ 'ਚ ਉਤਰੇ ਹਨ।
ਲਸ਼ਕਰ-ਏ-ਤੋਇਬਾ ਨਾਲ ਸਬੰਧਤ ਅਤਿਵਾਦੀ ਸੰਗਠਨ ਜਮਾਤ-ਉਦ-ਦਾਵਾ ਦੀ ਰਾਜਨੀਤਕ ਪਾਰਟੀ ਦਾ ਨਾਂ ਮਿਲੀ ਮੁਸਲਿਮ ਲੀਗ (ਐਮ.ਐਮ.ਐਲ.) ਹੈ। ਇਹ ਪਾਰਟੀ ਹੁਣ ਤਕ ਪਾਕਿ ਚੋਣ ਕਮਿਸ਼ਨ 'ਚ ਨਾਮਜ਼ਦ ਨਹੀਂ ਹੈ। ਇਸ ਲਈ ਸਈਦ ਨੇ ਸਿਆਸੀ ਪਾਰਟੀ ਅੱਲਾ-ਹੂ-ਅਕਬਰ ਤਹਿਰੀਕ (ਏ.ਏ.ਟੀ.) ਤੋਂ ਅਪਣੇ ਉਮੀਦਵਾਰ ਉਤਾਰਨ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਸਈਦ ਜਮਾਦ-ਉਦ-ਦਾਵਾ ਦਾ ਮੁਖੀ ਹੈ। ਉਹ ਲਸ਼ਕਰ-ਏ-ਤੋਇਬਾ ਦਾ ਕੋ-ਫ਼ਾਊਂਡਰ ਵੀ ਹੈ। ਜਮਾਦ-ਉਦ-ਦਾਵਾ ਦੇ ਉਮੀਦਵਾਰਾਂ ਨੇ ਚੋਣ ਕਮਿਸ਼ਨ ਤੋਂ ਨਾਮਜ਼ਦਗੀ ਕਾਗ਼ਜ਼ ਲੈ ਲਏ ਹਨ। ਉਹ ਏ.ਏ.ਟੀ. ਪਾਰਟੀ ਦੀ ਟਿਕਟ 'ਤੇ ਚੋਣ ਲੜਨਗੇ। ਐਮ.ਐਮ.ਐਲ. ਦੇ ਬੁਲਾਰੇ ਅਹਿਮਦ ਨਦੀਮ ਨੇ ਨਿਊਜ਼ ਏਜੰਸੀ ਨੂੰ ਦਸਿਆ ਕਿ ਐਮ.ਐਮ.ਐਲ. ਦੇ ਪ੍ਰਧਾਨ ਸੈਫ਼ੁੱਲਾਹ ਖ਼ਾਲਿਦ ਅਤੇ ਏ.ਏ.ਟੀ. ਦੇ ਸਦਰ ਅਹਿਸਾਨ ਬਾਰੀ ਗਠਜੋੜ ਲਈ ਤਿਆਰ ਹੈ। ਸੀਟਾਂ ਦੀ ਵੰਡ ਬਾਰੇ ਉਨ੍ਹਾਂ ਕਿਹਾ ਕਿ ਐਮ.ਐਮ.ਐਲ. ਅਪਣੇ 200 ਉਮੀਦਵਾਰ ਮੈਦਾਨ 'ਚ ਉਤਾਰੇਗਾ।
ਐਮ.ਐਮ.ਐਲ. ਦੇ ਉਮੀਦਵਾਰ ਏ.ਏ.ਟੀ. ਦੇ ਚੋਣ ਨਿਸ਼ਾਨ ਕੁਰਸੀ 'ਤੇ ਅਪਣੀ ਕਿਮਸਮ ਪਰਖਣਗੇ। ਐਮ.ਐਮ.ਐਲ. ਦੇ ਬੁਲਾਰੇ ਨਦੀਮ ਨੇ ਕਿਹਾ ਕਿ ਆਮ ਚੋਣ 'ਚ ਹਾਫ਼ਿਜ਼ ਸਈਦ ਬਤੌਰ ਉਮੀਦਵਾਰ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਸਾਡੀ ਪਹਿਲ ਪੜ੍ਹੇ-ਲਿਖੇ ਨੌਜਵਾਨਾਂ ਅਤੇ ਦੂਜੀਆਂ ਸਿਆਸੀ ਪਾਰਟੀਆਂ ਦੇ ਜਿਹੜੇ ਨੇਤਾ ਸਾਡੀ ਪਾਰਟੀ 'ਚ ਆ ਰਹੇ ਹਨ, ਉਨ੍ਹਾਂ ਨੂੰ ਏ.ਏ.ਟੀ. ਦਾ ਟਿਕਟ ਦੇਣਾ ਹੈ। ਸਾਡੇ ਉਮੀਦਵਾਰਾਂ ਦੀ ਨਾਮਜ਼ਦਗੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅਸੀਂ ਚੋਣ ਮੁਹਿੰਮ ਸ਼ੁਰੂ ਕਰਾਂਗੇ।
ਜ਼ਿਕਰਯੋਗ ਹੈ ਕਿ ਸਾਲ 2017 'ਚ ਜਮਾਤ-ਉਦ-ਦਾਵਾ ਨੇ ਮੁਸਲਿਮ ਮਿਲੀ ਲੀਗ ਦਾ ਗਠਨ ਕੀਤਾ ਸੀ। ਪਿਛਲੇ ਸਾਲ ਹੀ 30 ਜਨਵਰੀ ਨੂੰ ਹਾਫ਼ਿਜ਼ ਸਈਦ ਨੂੰ ਲਾਹੌਰ 'ਚ ਗ੍ਰਿਫ਼ਤਾਰ ਵਿਚ ਲਿਆ ਗਿਆ ਸੀ। ਹਾਫ਼ਿਜ਼ ਅਤੇ ਉਸ ਦੇ ਚਾਰ ਸਾਥੀਆਂ ਨੂੰ ਘਰ 'ਚ ਨਜ਼ਰਬੰਦ ਕੀਤਾ ਗਿਆ ਸੀ। ਅਮਰੀਕਾ ਨੇ ਹਾਫ਼ਿਜ਼ ਸਈਦ ਨੂੰ ਕੌਮਾਂਤਰੀ ਅਤਿਵਾਦੀ ਐਲਾਨਿਆ ਹੋਇਆ ਹੈ ਤੇ 1 ਕਰੋੜ ਡਾਲਰ ਦਾ ਇਨਾਮ ਰਖਿਆ ਹੈ। (ਪੀਟੀਆਈ)