
ਬ੍ਰਿਟੇਨ ਵਿਚ ਸ਼ੁੱਕਰਵਾਰ ਨੂੰ ਬਿਜਲੀ ਦੀ ਸਪਲਾਈ ਵਿਚ ਰੁਕਾਵਟ ਆਉਣ ਨਾਲ ਕਰੀਬ 10 ਲੱਖ ਲੋਕ ਪ੍ਰਭਾਵਿਤ ਹੋਏ ਹਨ।
ਲੰਡਨ: ਬ੍ਰਿਟੇਨ ਵਿਚ ਸ਼ੁੱਕਰਵਾਰ ਨੂੰ ਬਿਜਲੀ ਦੀ ਸਪਲਾਈ ਵਿਚ ਰੁਕਾਵਟ ਆਉਣ ਨਾਲ ਕਰੀਬ 10 ਲੱਖ ਲੋਕ ਪ੍ਰਭਾਵਿਤ ਹੋਏ ਹਨ। ਬਿਜਲੀ ਨੈਟਵਰਕ ਸੰਚਾਲਤ ਕਰਨ ਵਾਲੇ ਨੈਸ਼ਨਲ ਗ੍ਰਿਡ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੂੰ ਵਿਸ਼ਵਾਸ ਹੈ ਕਿ ਸ਼ੁੱਕਰਵਾਰ ਨੂੰ ਬਿਜਲੀ ਵਿਚ ਆਈ ਰੁਕਾਵਟ ਪਿੱਛੇ ਕਿਸੇ ਦਾ ਕੋਈ ਗਲਤ ਇਰਾਦਾ ਨਹੀਂ ਹੈ। ਕੰਪਨੀ ਨੇ ਬਿਜਲੀ ਵਿਚ ਆਈ ਇਸ ਰੁਕਾਵਟ ਲਈ ਦੋ ਜਨਰੇਟਰਾਂ ਵਿਚ ਪੈਦਾ ਹੋਈ ਗੜਬੜੀ ਨੂੰ ਜ਼ਿੰਮੇਵਾਰ ਦੱਸਿਆ ਹੈ। ਇਸ ਰੁਕਾਵਟ ਕਾਰਨ 9,00,000 ਤੋਂ ਜ਼ਿਆਦਾ ਗਾਹਕਾਂ ਨੂੰ ਕਈ ਘੰਟਿਆਂ ਤੱਕ ਬਿਨਾਂ ਬਿਜਲੀ ਦੇ ਰਹਿਣਾ ਪਿਆ। ਇਸ ਕਾਰਨ ਆਵਾਜਾਈ ਪ੍ਰਣਾਲੀ ਵੀ ਪ੍ਰਭਾਵਤ ਹੋਈ ਹੈ।
ਨੈਸ਼ਨਲ ਗ੍ਰਿਡ ਦੇ ਕਾਰਜ ਨਿਰਦੇਸ਼ਕ ਡਿਯੂਕਨ ਬਰਟ ਨੇ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਇਸ ਦੇ ਪਿੱਛੇ ਕੋਈ ਸਾਈਬਰ ਅਟੈਕ ਨਹੀਂ ਹੈ। ਕੰਪਨੀ ਨੇ ਇਸ ਨੂੰ ਅਚਾਨਕ ਆਈ ਘਟਨਾ ਦੱਸਦੇ ਹੋਏ ਇਸ ਤੋਂ ਸਬਕ ਲੈਣ ਦਾ ਫ਼ੈਸਲਾ ਕੀਤਾ ਹੈ। ਕੰਪਨੀ ਨੇ ਕਿਹਾ ਕਿ ਉਹ ਇਸ ਬਾਰੇ ਉਦਯੋਗ ਰੈਗੂਲੇਟਰ ਓਫਜੈਮ ਨੂੰ ਇਕ ਤਕਨੀਕੀ ਰਿਪੋਰਟ ਦੇਵੇਗੀ, ਜਿਸ ਨੇ ਸ਼ੁੱਕਰਵਾਰ ਨੂੰ ਇਸ ਦੀ ਤਤਕਾਲੀ ਜਾਂਚ ਲਈ ਕਿਹਾ ਸੀ।
ਉਦਯੋਗ ਮਾਹਿਰਾਂ ਦਾ ਮੰਨਣਾ ਹੈ ਕਿ ਲੰਡਨ ਦੇ ਉੱਤਰ ਵਿਚ ਬੈੱਡਫੋਰਡਸ਼ਾਇਰ ਸਥਿਤ ਗੈਸ ਸਪਲਾਈ ਪਾਵਰ ਸਟੇਸ਼ਨ ਅਤੇ ਫਿਰ ਉੱਤਰੀ ਬ੍ਰਿਟੇਨ ਦੇ ਯੌਰਕਸ਼ਾਇਰ ਵਿਚ ਇੱਕ ਆਫਸ਼ੋਰ ਪਾਵਰ ਸਟੇਸ਼ਨ ‘ਚ ਗੜਬੜੀ ਦੇ ਚਲਦਿਆਂ ਬਿਜਲੀ ਵਿਚ ਰੁਕਾਵਟ ਆਈ। ਇਸ ਨਾਲ ਕਈ ਘੰਟਿਆਂ ਤੱਕ ਬਿਜਲੀ ਬੰਦ ਰਹੀ। ਇਸ ਦੇ ਨਾਲ ਲੰਡਨ ਅਤੇ ਦੱਖਣ ਪੂਰਬੀ ਇਲਾਕੇ ਵਿਚ ਕਰੀਬ 300,00 ਗਾਹਕ, ਮਿਡਲੈਂਡਸ ਦੱਖਣ-ਪੱਛਮੀ ਬ੍ਰਿਟੇਨ ਅਤੇ ਵੇਲਜ਼ ਵਿਚ 500,000 ਗਾਹਕ ਪ੍ਰਭਾਵਿਤ ਹੋਏ ਹਨ। ਯੌਰਕਸ਼ਾਇਰ ਅਤੇ ਉੱਤਰ ਬ੍ਰਿਟੇਨ ਵਿਚ ਕਰੀਬ 110,000 ਲੋਕ ਪ੍ਰਭਾਵਿਤ ਹੋਏ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।