
ਰਾਸ਼ਟਰੀ ਦਿਵਸ ਸਮਾਰੋਹ ’ਚ ਮੁੱਖ ਮਹਿਮਾਨ ਹੋਣਗੇ, ਕਰਨਗੇ ਕਈ ਸਮਝੌਤਿਆਂ ’ਤੇ ਦਸਤਖ਼ਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮਾਰੀਸ਼ਸ ਦੇ ਆਪਣੇ ਦੋ ਦਿਨਾਂ ਦੌਰੇ ’ਤੇ ਹਨ, ਰਾਸ਼ਟਰੀ ਦਿਵਸ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਵੀ ਚਰਚਾ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਹਿੰਦ ਮਹਾਸਾਗਰ ਖੇਤਰ ਵਿਚ ਸੁਰੱਖਿਆ ਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ‘ਸਾਗਰ’ ਨੀਤੀ ਦਾ ਜ਼ਿਕਰ ਕੀਤਾ ਤੇ ਭਾਰਤ ਅਤੇ ਮਾਰੀਸ਼ਸ ਵਿਚਕਾਰ ਇਤਿਹਾਸਕ, ਭੂਗੋਲਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਡੂੰਘਾ ਕਰਨ ’ਤੇ ਜ਼ੋਰ ਦਿਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਰਾਤ ਨੂੰ ਦੋ ਦਿਨਾਂ ਦੇ ਦੌਰੇ ’ਤੇ ਮਾਰੀਸ਼ਸ ਲਈ ਰਵਾਨਾ ਹੋ ਗਏ।
ਪ੍ਰਧਾਨ ਮੰਤਰੀ ਮੋਦੀ 11 ਅਤੇ 12 ਮਾਰਚ ਨੂੰ ਹੋਣ ਵਾਲੇ ਮਾਰੀਸ਼ਸ ਦੇ ਰਾਸ਼ਟਰੀ ਦਿਵਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਉਹ 11 ਅਤੇ 12 ਮਾਰਚ ਨੂੰ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨਚੰਦਰ ਰਾਮਗੁਲਮ ਦੇ ਸੱਦੇ ’ਤੇ ਉੱਥੇ ਹੋਣਗੇ। ਪ੍ਰਧਾਨ ਮੰਤਰੀ ਮੋਦੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਸ ਦੌਰੇ ਦੌਰਾਨ ਉਹ ਮਾਰੀਸ਼ਸ ਦੀ ਲੀਡਰਸ਼ਿਪ ਨਾਲ ਕਈ ਮੁੱਦਿਆਂ ’ਤੇ ਚਰਚਾ ਕਰਨ ਅਤੇ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਤੇ ਇਤਿਹਾਸਕ ਦੋਸਤੀ ਨੂੰ ਹੋਰ ਡੂੰਘਾ ਕਰਨ ਦੀ ਉਮੀਦ ਕਰ ਰਹੇ ਹਨ।
ਇਸ ਫੇਰੀ ਦੇ ਹਿੱਸੇ ਵਜੋਂ ਭਾਰਤੀ ਹਥਿਆਰਬੰਦ ਸੈਨਾਵਾਂ ਦਾ ਇਕ ਦਲ, ਇੱਕ ਭਾਰਤੀ ਜਲ ਸੈਨਾ ਦਾ ਜੰਗੀ ਜਹਾਜ਼ ਤੇ ਭਾਰਤੀ ਹਵਾਈ ਸੈਨਾ ਦੀ ‘ਆਕਾਸ਼ ਗੰਗਾ’ ਸਕਾਈਡਾਈਵਿੰਗ ਟੀਮ ਵੀ ਸਮਾਰੋਹ ਵਿਚ ਹਿੱਸਾ ਲਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਾਰੀਸ਼ਸ ਨਾ ਸਿਰਫ਼ ਹਿੰਦ ਮਹਾਸਾਗਰ ਖੇਤਰ ਵਿਚ ਭਾਰਤ ਦਾ ਇਕ ਮਹੱਤਵਪੂਰਨ ਸਮੁੰਦਰੀ ਗੁਆਂਢੀ ਹੈ, ਸਗੋਂ ਅਫ਼ਰੀਕੀ ਮਹਾਂਦੀਪ ਤਕ ਪਹੁੰਚਣ ਲਈ ਇਕ ਪ੍ਰਮੁੱਖ ਪ੍ਰਵੇਸ਼ ਦੁਆਰ ਵੀ ਹੈ। ਭਾਰਤ ਤੇ ਮਾਰੀਸ਼ਸ ਦੇ ਇਤਿਹਾਸਕ, ਭੂਗੋਲਿਕ ਤੇ ਸੱਭਿਆਚਾਰਕ ਸਬੰਧਾਂ ਨੂੰ ਰੇਖਾਂਕਿਤ ਕਰਦੇ ਹੋਏ,
ਉਨ੍ਹਾਂ ਕਿਹਾ ਕਿ ਸਾਡਾ ਡੂੰਘਾ ਆਪਸੀ ਵਿਸ਼ਵਾਸ, ਲੋਕਤੰਤਰ ਦੇ ਸਾਂਝੇ ਮੁੱਲ ਤੇ ਵਿਭਿੰਨਤਾ ਦਾ ਜਸ਼ਨ ਸਾਡੀ ਸਾਂਝੇਦਾਰੀ ਦੀ ਅਸਲ ਤਾਕਤ ਹਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਦਸ ਸਾਲਾਂ ਵਿਚ, ਭਾਰਤ ਅਤੇ ਮਾਰੀਸ਼ਸ ਨੇ ਲੋਕ-ਕੇਂਦ੍ਰਿਤ ਪਹਿਲਕਦਮੀਆਂ ਰਾਹੀਂ ਆਪਸੀ ਸਹਿਯੋਗ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਫੇਰੀ ਦੌਰਾਨ, ਮੈਂ ਕਈ ਖੇਤਰਾਂ ਵਿਚ ਮਾਰੀਸ਼ਸ ਦੀ ਲੀਡਰਸ਼ਿਪ ਨਾਲ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਅਤੇ ਲੋਕਾਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਇਸ ਸਥਾਈ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਕਰਦਾ ਹਾਂ।
ਆਪਣੀ ‘ਸਾਗਰ’ (ਖੇਤਰ ਵਿਚ ਸਾਰਿਆਂ ਲਈ ਸੁਰੱਖਿਆ ਅਤੇ ਵਿਕਾਸ) ਨੀਤੀ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਦੌਰਾ ਹਿੰਦ ਮਹਾਸਾਗਰ ਖੇਤਰ ਵਿਚ ਸੁਰੱਖਿਆ ਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਹੋਰ ਮਜ਼ਬੂਤ ਕਰੇਗਾ।