
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਸੋਮਵਾਰ ਨੂੰ ਇਕ ਵਰਚੁਅਲ ਮੀਟਿੰਗ ਜ਼ਰੀਏ ਇਕ ਦੂਜੇ ਦੇ ਰੂਬਰੂ ਹੋਏ।
ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਸੋਮਵਾਰ ਨੂੰ ਇਕ ਵਰਚੁਅਲ ਮੀਟਿੰਗ ਜ਼ਰੀਏ ਇਕ ਦੂਜੇ ਦੇ ਰੂਬਰੂ ਹੋਏ। ਇਸ ਦੌਰਾਨ ਯੂਕਰੇਨ ਸੰਕਟ ਤੋਂ ਇਲਾਵਾ ਦੱਖਣੀ ਏਸ਼ੀਆ ਦਾ ਵਿਕਾਸ, ਇੰਡੋ-ਪੈਸੀਫਿਕ ਦੀ ਸਥਿਤੀ ਅਤੇ ਦੁਵੱਲਾ ਸਹਿਯੋਗ ਚਰਚਾ ਦੇ ਅਹਿਮ ਮੁੱਦੇ ਰਹੇ। ਇਹ ਵਰਚੁਅਲ ਮੀਟਿੰਗ ਵਾਸ਼ਿੰਗਟਨ ਵਿਚ ਹੋਣ ਜਾ ਰਹੀ ਅਮਰੀਕਾ ਅਤੇ ਭਾਰਤ (ਯੂਐਸ-ਇੰਡੀਆ) ਦਰਮਿਆਨ ਚੌਥੀ 2+2 ਵਾਰਤਾ ਤੋਂ ਪਹਿਲਾਂ ਹੋਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਵਰਚੁਅਲ ਗੱਲਬਾਤ ਦੌਰਾਨ ਕਿਹਾ ਕਿ ਅੱਜ ਸਾਡੀ ਗੱਲਬਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਯੂਕਰੇਨ ਦੀ ਸਥਿਤੀ ਚਿੰਤਾ ਦਾ ਵਿਸ਼ਾ ਹੈ। ਕੁਝ ਹਫ਼ਤੇ ਪਹਿਲਾਂ 20,000 ਤੋਂ ਵੱਧ ਭਾਰਤੀ ਯੂਕਰੇਨ ਵਿਚ ਫਸੇ ਹੋਏ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਨੌਜਵਾਨ ਵਿਦਿਆਰਥੀ ਸਨ। ਅਮਰੀਕੀ ਰਾਸ਼ਟਰਪਤੀ ਬਿਡੇਨ ਨਾਲ ਗੱਲਬਾਤ ਦੌਰਾਨ ਪੀਐਮ ਮੋਦੀ ਨੇ ਕਿਹਾ, "ਯੂਕਰੇਨ ਦੇ ਮੁੱਦੇ 'ਤੇ ਸਾਡੀ ਸੰਸਦ ਵਿਚ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ। ਹਾਲ ਹੀ ਵਿਚ ਯੂਕਰੇਨ ਦੇ ਬੁਚਾ ਸ਼ਹਿਰ ਵਿਚ ਨਾਗਰਿਕਾਂ ਦੀ ਮੌਤ ਦੀ ਖ਼ਬਰ ਚਿੰਤਾਜਨਕ ਹੈ। ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।"
ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਯੂਕਰੇਨ ਅਤੇ ਰੂਸ ਦੋਵਾਂ ਦੇ ਰਾਸ਼ਟਰਪਤੀਆਂ ਨਾਲ ਕਈ ਵਾਰ ਟੈਲੀਫੋਨ 'ਤੇ ਗੱਲ ਕੀਤੀ ਹੈ। ਮੈਂ ਨਾ ਸਿਰਫ਼ ਉਹਨਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਸਗੋਂ ਰਾਸ਼ਟਰਪਤੀ ਪੁਤਿਨ ਨੂੰ ਯੂਕਰੇਨ ਦੇ ਰਾਸ਼ਟਰਪਤੀ ਨਾਲ ਸਿੱਧੀ ਗੱਲਬਾਤ ਕਰਨ ਦਾ ਸੁਝਾਅ ਵੀ ਦਿੱਤਾ”। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਗੱਲਬਾਤ ਰਾਹੀਂ ਸਮੱਸਿਆ ਹੱਲ ਹੋ ਜਾਵੇਗੀ। ਅਸੀਂ ਆਪਣੇ ਵਲੋਂ ਦਵਾਈਆਂ ਅਤੇ ਹੋਰ ਸਮੱਗਰੀ ਯੂਕਰੇਨ ਭੇਜੀ ਹੈ। ਪੀਐਮ ਨੇ ਕਿਹਾ ਕਿ ਤੁਸੀਂ ਕਿਹਾ ਹੈ ਕਿ ਲੋਕਤੰਤਰ ਦੇ ਜ਼ਰੀਏ ਸਾਰਥਕ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਉਮੀਦ ਹੈ ਕਿ ਯੂਕਰੇਨ ਸੰਕਟ ਜਲਦੀ ਹੀ ਖਤਮ ਹੋ ਜਾਵੇਗਾ।
ਪੀਐਮ ਮੋਦੀ ਨੇ ਕਿਹਾ ਕਿ ਇਸ ਸਾਲ ਭਾਰਤ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਆਲਮੀ ਰਾਜਨੀਤੀ ਦੇ ਨਜ਼ਰੀਏ ਤੋਂ ਅਮਰੀਕਾ ਨਾਲ ਸਾਡਾ ਸਬੰਧ ਬਹੁਤ ਮਹੱਤਵਪੂਰਨ ਹੈ। ਇਹਨਾਂ 75 ਸਾਲਾਂ ਵਿਚ ਸਾਡੀ ਦੋਸਤੀ ਭਾਰਤ-ਅਮਰੀਕਾ ਸਬੰਧਾਂ ਦਾ ਇਕ ਅਨਿੱਖੜਵਾਂ ਅੰਗ ਰਹੀ ਹੈ। ਦੁਨੀਆ ਦੇ ਦੋ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਲੋਕਤੰਤਰ ਹੋਣ ਦੇ ਨਾਤੇ, ਅਸੀਂ ਕੁਦਰਤੀ ਭਾਈਵਾਲ ਹਾਂ। ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਾ ਹਮੇਸ਼ਾ ਹੀ ਖੁਸ਼ੀ ਦੀ ਗੱਲ ਹੈ। ਤੁਹਾਡੇ ਦੋ ਮੰਤਰੀ ਅਤੇ ਰਾਜਦੂਤ ਇੱਥੇ ਹਨ। ਅਸੀਂ ਗਲੋਬਲ ਸੰਕਟ, ਕੋਵਿਡ ਮਹਾਂਮਾਰੀ, ਸਿਹਤ ਖੇਤਰ ਦੀਆਂ ਚੁਣੌਤੀਆਂ 'ਤੇ ਮਿਲ ਕੇ ਕੰਮ ਕਰ ਰਹੇ ਹਾਂ।