
ਉਹਨਾਂ ਨੂੰ ਨੈਸ਼ਨਲ ਅਸੈਂਬਲੀ ਦੇ 174 ਮੈਂਬਰਾਂ ਨੇ ਵੋਟ ਪਾਈ ਜਦਕਿ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਇਕ ਵੀ ਵੋਟ ਨਹੀਂ ਮਿਲੀ।
ਇਸਲਾਮਾਬਾਦ: ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਭਰਾ ਸ਼ਾਹਬਾਜ਼ ਸ਼ਰੀਫ ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਚੁਣੇ ਗਏ ਹਨ। ਉਹਨਾਂ ਨੂੰ ਨੈਸ਼ਨਲ ਅਸੈਂਬਲੀ ਦੇ 174 ਮੈਂਬਰਾਂ ਨੇ ਵੋਟ ਪਾਈ ਜਦਕਿ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਇਕ ਵੀ ਵੋਟ ਨਹੀਂ ਮਿਲੀ। ਸ਼ਾਹਬਾਜ਼ ਸ਼ਰੀਫ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪਾਕਿਸਤਾਨ ਦੀ ਸੰਯੁਕਤ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਸਨ। ਸੋਮਵਾਰ ਨੂੰ ਵਿਸ਼ਵਾਸ ਮਤੇ ਲਈ ਵੋਟਿੰਗ ਹੋਈ, ਜਿਸ 'ਚ ਉਹਨਾਂ ਦੀ ਪਹਿਲਾਂ ਤੋਂ ਹੀ ਮੰਨੀ ਜਾ ਰਹੀ ਜਿੱਤ 'ਤੇ ਮੋਹਰ ਲੱਗ ਗਈ।
ਸੋਮਵਾਰ ਨੂੰ ਨੈਸ਼ਨਲ ਅਸੈਂਬਲੀ ਦਾ ਸੈਸ਼ਨ ਸ਼ੁਰੂ ਹੁੰਦਿਆਂ ਹੀ ਇਮਰਾਨ ਖਾਨ ਦੀ ਪਾਰਟੀ ਦੇ ਮੈਂਬਰਾਂ ਨੇ ਸਮੂਹਿਕ ਅਸਤੀਫੇ ਦੇਣ ਦਾ ਐਲਾਨ ਕਰ ਦਿੱਤਾ। ਇਮਰਾਨ ਖਾਨ ਦਾ ਦਾਅਵਾ ਹੈ ਕਿ ਉਹਨਾਂ ਨੂੰ ਅਮਰੀਕਾ ਦੇ ਇਸ਼ਾਰੇ 'ਤੇ ਇਕ ਸਾਜ਼ਿਸ਼ ਤਹਿਤ ਸੱਤਾ ਤੋਂ ਬੇਦਖ਼ਲ ਕੀਤਾ ਗਿਆ ਹੈ।
ਸ਼ਾਹ ਮਹਿਮੂਦ ਕੁਰੈਸ਼ੀ ਦੇ ਦੌੜ ਤੋਂ ਹਟਣ ਤੋਂ ਬਾਅਦ ਸ਼ਾਹਬਾਜ਼ ਸ਼ਰੀਫ ਮੁਕਾਬਲੇ ਵਿਚ ਇਕੱਲੇ ਰਹਿ ਗਏ ਸਨ। 342 ਮੈਂਬਰੀ ਨੈਸ਼ਨਲ ਅਸੈਂਬਲੀ ਵਿਚ ਬਹੁਮਤ ਲਈ 172 ਵੋਟਾਂ ਦੀ ਲੋੜ ਸੀ। 70 ਸਾਲਾ ਸ਼ਾਹਬਾਜ਼ ਸ਼ਰੀਫ ਪਾਕਿਸਤਾਨ ਦੇ ਸਭ ਤੋਂ ਵੱਧ ਆਬਾਦੀ ਵਾਲੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।
ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਹਿ-ਚੇਅਰਮੈਨ ਆਸਿਫ਼ ਅਲੀ ਜ਼ਰਦਾਰੀ ਨੇ ਪ੍ਰਧਾਨ ਮੰਤਰੀ ਅਹੁਦੇ ਲਈ ਸ਼ਾਹਬਾਜ਼ ਸ਼ਰੀਫ਼ ਦੇ ਨਾਂ ਦਾ ਪ੍ਰਸਤਾਵ ਰੱਖਿਆ ਹੈ। ਪਾਕਿਸਤਾਨ 1947 ਵਿਚ ਆਪਣੇ ਗਠਨ ਤੋਂ ਬਾਅਦ ਕਈ ਸ਼ਾਸਨ ਤਬਦੀਲੀਆਂ ਅਤੇ ਫੌਜੀ ਤਖਤਾਪਲਟ ਨਾਲ ਸਿਆਸੀ ਅਸਥਿਰਤਾ ਨਾਲ ਜੂਝ ਰਿਹਾ ਹੈ। ਹੁਣ ਤੱਕ ਕਿਸੇ ਵੀ ਪ੍ਰਧਾਨ ਮੰਤਰੀ ਨੇ ਪੂਰਾ ਪੰਜ ਸਾਲ ਦਾ ਕਾਰਜਕਾਲ ਪੂਰਾ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੀ ਇਕ ਅਦਾਲਤ ਨੇ ਸ਼ਾਹਬਾਜ਼ ਸ਼ਰੀਫ਼ ਅਤੇ ਉਹਨਾਂ ਦੇ ਬੇਟੇ ਹਮਜ਼ਾ ਨੂੰ ਰਾਹਤ ਦਿੱਤੀ ਹੈ। ਸ਼ਾਹਬਾਜ਼ ਸ਼ਰੀਫ ਅਤੇ ਉਹਨਾਂ ਦੇ ਬੇਟੇ ਖਿਲਾਫ਼ ਚੱਲ ਰਹੇ ਹਾਈ ਪ੍ਰੋਫਾਈਲ ਹਵਾਲਾ ਕੇਸ ਦੀ ਸੁਣਵਾਈ 27 ਅਪ੍ਰੈਲ ਤੱਕ ਟਾਲ ਦਿੱਤੀ ਗਈ ਹੈ। ਇਸ ਦੇ ਨਾਲ ਹੀ 27 ਤਰੀਕ ਤੱਕ ਉਹਨਾਂ ਨੂੰ ਅਗਾਊਂ ਜ਼ਮਾਨਤ ਵੀ ਦਿੱਤੀ ਗਈ ਹੈ।