
ਯੂਏਈ ਵਿਚ ਇਕ ਔਰਤ ਨੂੰ ਲੋਕਾਂ ਨੂੰ ਠੱਗਣ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਦੁਬਈ: ਯੂਏਈ ਵਿਚ ਇਕ ਔਰਤ ਨੂੰ ਲੋਕਾਂ ਨੂੰ ਠੱਗਣ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਔਰਤ ‘ਤੇ ਇਲਜ਼ਾਮ ਲੱਗੇ ਹਨ ਕਿ ਉਸ ਨੇ ਖੁਦ ਨੂੰ ਅਸਫ਼ਲ ਵਿਆਹ ਦਾ ਸ਼ਿਕਾਰ ਦੱਸ ਕੇ ਅਪਣੇ ਬੱਚਿਆਂ ਲਈ ਮਦਦ ਦੀ ਅਪੀਲ ਕੀਤੀ ਅਤੇ 50 ਹਜ਼ਾਰ ਡਾਲਰ ਕਮਾ ਲਏ। ਦੁਬਈ ਪੁਲਿਸ ਦੇ ਅਧਿਕਾਰੀ ਨੇ ਕਿਹਾ ਕਿ ਔਰਤ ਨੇ ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿਟਰ ‘ਤੇ ਅਪਣੀ ਪੋਸਟ ਰਾਹੀਂ ਕਈ ਲੋਕਾਂ ਨੂੰ ਠੱਗਿਆ ਅਤੇ 17 ਦਿਨਾਂ ਵਿਚ 35 ਲੱਖ (50 ਹਜ਼ਾਰ ਡਾਲਰ) ਕਮਾ ਲਏ।
ਦੁਬਈ ਪੁਲਿਸ ਦੇ ਕ੍ਰਾਈਮ ਜਾਂਚ ਵਿਭਾਗ ਦੇ ਡਾਇਰੈਕਟਰ ਬ੍ਰਿਗੇਡੀਅਰ ਅਲ ਜਲਾਫ਼ ਦੇ ਹਵਾਲੇ ਤੋਂ ਦੱਸਿਆ ਜ ਰਿਹਾ ਹੈ ਕਿ ਔਰਤ ਨੇ ਆਨਲਾਈਨ ਅਕਾਊਂਟ ਬਣਾਏ ਅਤੇ ਅਪਣੇ ਬੱਚਿਆਂ ਦੀਆਂ ਤਸਵੀਰਾਂ ਨਾਲ ਉਹਨਾਂ ਦੇ ਪਾਲਣ-ਪੋਸ਼ਣ ਲਈ ਆਰਥਕ ਮਦਦ ਦੀ ਅਪੀਲ ਕੀਤੀ। ਬ੍ਰਿਗੇਡੀਅਰ ਅਲ ਜਲਾਫ਼ ਨੇ ਕਿਹਾ ਕਿ ਉਹ ਲੋਕਾਂ ਨੂੰ ਦੱਸ ਰਹੀ ਸੀ ਕਿ ਉਹ ਤਲਾਕਸ਼ੁਦਾ ਹੈ ਅਤੇ ਅਪਣੇ ਬੱਚਿਆਂ ਨੂੰ ਖ਼ੁਦ ਪਾਲ ਰਹੀ ਹੈ। ਪਰ ਉਸ ਦੇ ਪਤੀ ਨੇ ਸੂਚਨਾ ਦਿੱਤੀ ਅਤੇ ਸਾਬਿਤ ਕੀਤਾ ਕਿ ਬੱਚੇ ਉਸ ਦੇ ਨਾਲ ਰਹਿ ਰਹੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਕਈ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਫੋਨ ਆਉਣ ਤੋਂ ਬਾਅਦ ਔਰਤ ਦੇ ਪਤੀ ਨੂੰ ਪਤਾ ਚੱਲਿਆ ਕਿ ਉਸ ਦੇ ਬੱਚਿਆਂ ਦੀਆਂ ਤਸਵੀਰਾਂ ਦੀ ਵਰਤੋਂ ਭੀਖ ਮੰਗਣ ਲਈ ਕੀਤੀ ਜਾ ਰਹੀ ਹੈ। ਜਲਾਫ਼ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਅਪਣੇ ਬੱਚਿਆਂ ਨੂੰ ਬਦਨਾਮ ਕਰ ਕੇ ਇਹ ਔਰਤ 17 ਦਿਨਾਂ ਵਿਚ 50 ਹਜ਼ਾਰ ਡਾਲਰ ਕਮਾਉਣ ਵਿਚ ਕਾਮਯਾਬ ਰਹੀ। ਬ੍ਰਿਗੇਡੀਅਰ ਅਲ ਜਲਾਫ਼ ਨੇ ਲੋਕਾਂ ਨੂੰ ਸੜਕ ‘ਤੇ ਜਾਂ ਸੋਸ਼ਲ ਮੀਡੀਆ ‘ਤੇ ਭਿਖਾਰੀਆਂ ਨਾਲ ਹਮਦਰਦੀ ਨਾ ਰੱਖਣ ਲਈ ਚੇਤਾਵਨੀ ਦਿੱਤੀ ਹੈ। ਉਹਨਾਂ ਕਿਹਾ ਕਿ ਆਨਲਾਈਨ ਭੀਖ ਮੰਗਣਾ ਅਪਰਾਧ ਹੈ ਅਤੇ ਦੁਬਈ ਪੁਲਿਸ ਇਹਨਾਂ ਮਾਮਲਿਆਂ ਵਿਚ ਕਾਰਵਾਈ ਕਰਦੀ ਹੈ।