
ਮੰਕੀਪੌਕਸ ਵਾਇਰਸ ਹਵਾ ਰਾਹੀਂ ਫੈਲ ਸਕਦਾ ਹੈ ਪਰ ਸਿਰਫ ਇਕ ਸੰਕਰਮਿਤ ਵਿਅਕਤੀ ਨਾਲ 'ਲਗਾਤਾਰ' ਆਹਮੋ-ਸਾਹਮਣੇ ਸੰਪਰਕ ਜ਼ਰੀਏ ਫੈਲ ਸਕਦਾ ਹੈ।
ਨਵੀਂ ਦਿੱਲੀ: ਦੁਨੀਆ ਭਰ ਦੇ ਬਹੁਤ ਸਾਰੇ ਦੇਸ਼ਾਂ ਵਿਚ ਮੰਕੀਪੌਕਸ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਯੂਐਸ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਨੇ ਖੋਜ ਤੋਂ ਬਾਅਦ ਖੁਲਾਸਾ ਕੀਤਾ ਹੈ ਕਿ ਮੰਕੀਪੌਕਸ ਵਾਇਰਸ ਹਵਾ ਰਾਹੀਂ ਫੈਲ ਸਕਦਾ ਹੈ ਪਰ ਸਿਰਫ ਇਕ ਸੰਕਰਮਿਤ ਵਿਅਕਤੀ ਨਾਲ 'ਲਗਾਤਾਰ' ਆਹਮੋ-ਸਾਹਮਣੇ ਸੰਪਰਕ ਜ਼ਰੀਏ ਫੈਲ ਸਕਦਾ ਹੈ।
ਸੀਡੀਸੀ ਦੇ ਮੁਖੀ ਰੋਸ਼ੇਲ ਵੈਲੇਨਸਕੀ ਨੇ ਕਿਹਾ ਕਿ ਮੰਕੀਪੌਕਸ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਨਾਲ ਸਰੀਰਕ ਸੰਪਰਕ ਅਤੇ ਉਹਨਾਂ ਦੇ ਕੱਪੜਿਆਂ ਅਤੇ ਬਿਸਤਰੇ ਨੂੰ ਛੂਹਣ ਨਾਲ ਮੰਕੀਪੌਕਸ ਹੋ ਰਿਹਾ ਹੈ। ਜਦੋਂ ਸੀਡੀਸੀ ਮੁਖੀ ਰੋਸ਼ੇਲ ਵੈਲੇਨਸਕੀ ਨੂੰ ਪੁੱਛਿਆ ਗਿਆ ਕਿ ਕੀ ਮੰਕੀਪੌਕਸ ਦੀ ਲਾਗ ਤੋਂ ਬਚਣ ਲਈ ਫੇਸ ਮਾਸਕ ਪਹਿਨਣ ਦੀ ਜ਼ਰੂਰਤ ਹੈ ਤਾਂ ਉਹਨਾਂ ਕਿਹਾ ਕਿ ਮੰਕੀਪੌਕਸ ਬਿਮਾਰੀ ਦਾ ਵਾਇਰਸ, ਜੋ ਸਰੀਰ ਵਿਚ ਦਾਣੇ ਪੈਦਾ ਕਰਦਾ ਹੈ, ਕੋਰੋਨਾ ਵਾਇਰਸ ਵਾਂਗ ਹਵਾ ਵਿਚ ਲੰਬੇ ਸਮੇਂ ਤੱਕ ਨਹੀਂ ਰਹਿ ਸਕਦਾ ਹੈ। ਇਹ ਸਿਰਫ ਕਿਸੇ ਸੰਕਰਮਿਤ ਮਰੀਜ਼ ਨਾਲ ਸਰੀਰਕ ਸੰਪਰਕ ਜਾਂ ਉਸ ਦੇ ਕੱਪੜਿਆਂ ਅਤੇ ਬਿਸਤਰੇ ਨੂੰ ਛੂਹਣ ਨਾਲ ਹੋ ਸਕਦਾ ਹੈ।
ਸੀਡੀਸੀ ਦੇ ਮੁਖੀ ਰੋਸ਼ੇਲ ਵੈਲੇਨਸਕੀ ਨੇ ਕਿਹਾ ਕਿ ਮੰਕੀਪੌਕਸ ਕਿਸੇ ਨਾਲ ਆਮ ਸੰਪਰਕ ਜ਼ਰੀਏ ਨਹੀਂ ਫੈਲਦਾ ਹੈ। ਉਦਾਹਰਣ ਵਜੋਂ ਜੇਕਰ ਕੋਈ ਵਿਅਕਤੀ ਕਿਸੇ ਦੁਕਾਨ 'ਤੇ ਸਾਮਾਨ ਲੈਣ ਜਾਂਦਾ ਹੈ ਜਾਂ ਕਿਸੇ ਦੇ ਘਰ ਦੇ ਬਾਹਰ ਬੈੱਲ ਵਜਾਉਣ ਲਈ ਉਸ ਨੂੰ ਛੂਹ ਰਿਹਾ ਹੈ ਤਾਂ ਇੰਨੇ ਲੰਬੇ ਸਮੇਂ ਵਿਚ ਕੋਈ ਲਾਗ ਨਹੀਂ ਫੈਲੇਗੀ।