
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਯੋਗਤਾ ਦੇ ਅਧਾਰ ‘ਤੇ ਇਮੀਗ੍ਰੇਸ਼ਨ ਸਿਸਟਮ ਲਿਆਉਣ ਸਬੰਧੀ ਇਕ ਸਰਕਾਰੀ ਆਦੇਸ਼ ‘ਤੇ ਕੰਮ ਕਰ ਰਹੇ ਹਨ।
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਯੋਗਤਾ ਦੇ ਅਧਾਰ ‘ਤੇ ਇਮੀਗ੍ਰੇਸ਼ਨ ਸਿਸਟਮ ਲਿਆਉਣ ਸਬੰਧੀ ਇਕ ਸਰਕਾਰੀ ਆਦੇਸ਼ ‘ਤੇ ਕੰਮ ਕਰ ਰਹੇ ਹਨ। ਇਹ ਜਾਣਕਾਰੀ ਵ੍ਹਾਈਟ ਹਾਊਸ ਨੇ ਦਿੱਤੀ ਹੈ। ਦਰਅਸਲ ਡੋਨਾਲਡ ਟਰੰਪ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਉਹ ਇਮੀਗ੍ਰੇਸ਼ਨ ‘ਤੇ ਇਕ ਸਰਕਾਰੀ ਆਦੇਸ਼ ‘ਤੇ ਕੰਮ ਕਰ ਰਹੇ ਹਨ, ਜਿਸ ਵਿਚ ‘Deferred Action for Childhood Arrivals’ (DACA) ਪ੍ਰੋਗਰਾਮ ਦੇ ਪ੍ਰਾਪਤਕਰਤਾਵਾਂ ਨੂੰ ਨਾਗਰਿਕਤਾ ਦੇਣ ਦੀ ਰੂਪਰੇਖਾ ਸ਼ਾਮਲ ਹੋਵੇਗੀ।
USA Presidet Donald Trump
ਡੀਏਸੀਏ ਹਵਾਲਗੀ ਤੋਂ ਇਕ ਕਿਸਮ ਦੀ ਪ੍ਰਬੰਧਕੀ ਛੋਟ ਹੈ। ਡੀਏਸੀਏ ਦਾ ਮਕਦਸ ਉਹਨਾਂ ਯੋਗ ਪਰਵਾਸੀਆਂ ਦੀ ਹਵਾਲਗੀ ਤੋਂ ਰੱਖਿਆ ਕਰਨਾ ਹੈ ਜੋ ਉਸ ਸਮੇਂ ਅਮਰੀਕਾ ਆਏ ਸੀ, ਜਦੋਂ ਉਹ ਬੱਚੇ ਸੀ। ਇਕ ਸਵਾਲ ਦੇ ਜਵਾਬ ਵਿਚ ਟਰੰਪ ਨੇ ਕਿਹਾ ਕਿ ਡੀਏਸੀਏ ‘ਤੇ ਉਹਨਾਂ ਦੀ ਕਾਰਵਾਈ ਇਮੀਗ੍ਰੇਸ਼ਨ ‘ਤੇ ਇਕ ਵੱਡੇ ਬਿੱਲ ਦਾ ਹਿੱਸਾ ਬਣਨ ਜਾ ਰਹੀ ਹੈ।
Immigration
ਉਹਨਾਂ ਕਿਹਾ ਕਿ ਇਹ ਇਕ ਵੱਡਾ ਅਤੇ ਬਹੁਤ ਚੰਗਾ ਬਿੱਲ ਹੋਵੇਗਾ, ਇਹ ਯੋਗਤਾ ‘ਤੇ ਅਧਾਰਤ ਬਿਲ ਹੋਵੇਗਾ ਅਤੇ ਇਸ ਵਿਚ ਡੀਏਸੀਏ ਸ਼ਾਮਲ ਹੋਵੇਗਾ। ਮੈਨੂੰ ਲੱਗਦਾ ਹੈ ਕਿ ਲੋਕ ਇਸ ਨਾਲ ਖੁਸ਼ ਹੋਣਗੇ। ਵ੍ਹਾਈਟ ਹਾਊਸ ਨੇ ਇਕ ਬਿਆਨ ਵਿਚ ਕਿਹਾ, ‘ਰਾਸ਼ਟਰਪਤੀ ਨੇ ਐਲਾਨ ਕੀਤਾ ਕਿ ਉਹ ਅਮਰੀਕੀ ਕਾਮਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਯੋਗਤਾ ‘ਤੇ ਅਧਾਰਤ ਇਮੀਗ੍ਰੇਸ਼ਨ ਸਿਸਟਮ ਸਥਾਪਤ ਕਰਨ ਦੇ ਸਰਕਾਰੀ ਆਦੇਸ਼ ‘ਤੇ ਕੰਮ ਕਰ ਰਹੇ ਹਨ’।
Green Card
ਇਸ ਤੋਂ ਪਹਿਲਾਂ ਵੀ ਅਮਰੀਕੀ ਰਾਸ਼ਟਰਪਤੀ ਨੇ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ ਪ੍ਰਸਤਾਵ ਰੱਖਿਆ ਸੀ, ਜਿਸ ਵਿਚ ਵਿਦੇਸ਼ੀ ਨਾਗਰਿਕਾਂ ਨੂੰ ਯੋਗਤਾ ਦੇ ਅਧਾਰ ‘ਤੇ ਪਹਿਲ ਦੇਣ ਦੀ ਗੱਲ ਕਹੀ ਗਈ ਸੀ। ਮੌਜੂਦਾ ਸਮੇਂ ਵਿਚ ਪਰਿਵਾਰਕ ਸਬੰਧਾਂ ਦੇ ਅਧਾਰ ‘ਤੇ ਇਮੀਗ੍ਰੇਸ਼ਨ ਦਿੱਤੀ ਜਾਂਦੀ ਹੈ। ਇਸ ਨਵੀਂ ਨੀਤੀ ਦਾ ਲਾਭ ਭਾਰਤੀ ਲੋਕਾਂ ਨੂੰ ਜ਼ਿਆਦਾ ਹੋ ਸਕਦਾ ਹੈ। ਹਜ਼ਾਰਾਂ ਦੀ ਗਿਣਤੀ ਵਿਚ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਭਾਰਤੀ ਪੇਸ਼ੇਵਰਾਂ ਲਈ ਇਹ ਖ਼ਬਰ ਰਾਹਤ ਭਰੀ ਹੋ ਸਕਦੀ ਹੈ।