
ਔਰਤਾਂ ਨੂੰ ਟੈਕਸ ’ਚ ਛੋਟ, ਹਾਊਸਿੰਗ ਕ੍ਰੈਡਿਟ, ਵਿਦਿਅਕ ਲਾਭ ਦੇ ਨਾਲ-ਨਾਲ ਹੋਰ ਸਾਰੀਆਂ ਸਹੂਲਤਾਂ ਦਾ ਲਾਭ ਦੇਣ ਦਾ ਲਾਲਚ ਦਿਤਾ ਜਾ ਰਿਹਾ ਹੈ।
ਬੀਜਿੰਗ: ਅਪਣੇ ਦੇਸ਼ ਦੀ ਘਟਦੀ ਆਬਾਦੀ ਕਾਰਨ ਚੀਨ ਪ੍ਰੇਸ਼ਾਨ ਹੈ। ਦੇਸ਼ ਦੀ ਲੇਬਰ ਪਾਵਰ ਨੂੰ ਮਜ਼ਬੂਤ ਕਰਨ ਲਈ ਚੀਨ ਅਪਣੀ ਆਬਾਦੀ ਵਧਾਉਣਾ ਚਾਹੁੰਦਾ ਹੈ ਅਤੇ ਸ਼ੀ ਜਿਨਪਿੰਗ ਸਰਕਾਰ ਨੇ ਜ਼ਿਆਦਾ ਬੱਚੇ ਪੈਦਾ ਕਰਨ ਵਾਲੀਆਂ ਔਰਤਾਂ ਲਈ ਤੋਹਫ਼ਿਆਂ ਦਾ ਐਲਾਨ ਕੀਤਾ ਹੈ। ਇਨ੍ਹਾਂ ਤੋਹਫ਼ਿਆਂ ਤਹਿਤ ਜ਼ਿਆਦਾ ਬੱਚੇ ਪੈਦਾ ਕਰਨ ਵਾਲੀਆਂ ਔਰਤਾਂ ਨੂੰ ਟੈਕਸ ’ਚ ਛੋਟ, ਹਾਊਸਿੰਗ ਕ੍ਰੈਡਿਟ, ਵਿਦਿਅਕ ਲਾਭ ਦੇ ਨਾਲ-ਨਾਲ ਹੋਰ ਸਾਰੀਆਂ ਸਹੂਲਤਾਂ ਦਾ ਲਾਭ ਦੇਣ ਦਾ ਲਾਲਚ ਦਿਤਾ ਜਾ ਰਿਹਾ ਹੈ।
ਗਲੋਬਲ ਟਾਈਮਜ਼ ਮੁਤਾਬਕ ਪਿਛਲੇ ਸਾਲ ਦੇ ਅੰਤ ਤਕ ਚੀਨ ਦੀ ਆਬਾਦੀ 141.3 ਮਿਲੀਅਨ ਕਰੋੜ ਸੀ। ਉਥੇ ਹੀ, ਨਵਜੰਮੇ ਬੱਚਿਆਂ ਦੀ ਆਬਾਦੀ 1.62 ਕਰੋੜ ਸੀ, ਜੋ ਮਰਨ ਵਾਲਿਆਂ ਦੀ ਗਿਣਤੀ ਦੇ ਬਰਾਬਰ ਸੀ। ਗਲੋਬਲ ਟਾਈਮਜ਼ ਮੁਤਾਬਕ ਚੀਨੀ ਅਧਿਕਾਰੀ ਔਰਤਾਂ ਨੂੰ ਇਕ ਤੋਂ ਵੱਧ ਬੱਚੇ ਪੈਦਾ ਕਰਨ ਲਈ ਟੈਕਸ ’ਚ ਛੋਟ, ਹਾਊਸਿੰਗ ਕ੍ਰੈਡਿਟ, ਵਿਦਿਅਕ ਲਾਭ ਅਤੇ ਹੋਰ ਕਈ ਲਾਭ ਦੇ ਰਹੇ ਹਨ। ਦੂਜੇ ਪਾਸੇ ਇਹ ਲਾਭ ਸਿਰਫ਼ ਵਿਆਹੇ ਲੋਕਾਂ ਲਈ ਹੈ। ਇਸ ਦੇ ਨਾਲ ਹੀ ਚੀਨ ਇਹ ਵੀ ਤੈਅ ਕਰ ਰਿਹਾ ਹੈ ਕਿ ਕੌਣ ਬੱਚੇ ਪੈਦਾ ਕਰ ਸਕਦਾ ਹੈ ਅਤੇ ਕੌਣ ਨਹੀਂ। ਪਰਵਾਰ ਨਿਯੋਜਨ ਦੇ ਬਹਾਨੇ ਚੀਨ ਇਕੱਲੀਆਂ ਔਰਤਾਂ ਅਤੇ ਘੱਟ ਗਿਣਤੀਆਂ ’ਤੇ ਸਖ਼ਤੀ ਵਰਤ ਰਿਹਾ ਹੈ।
China aims to increase population, offers women perks for having babies
ਜਾਣਕਾਰੀ ਮਿਲਣ ਅਨੁਸਾਰ ਇਹ ਵੀ ਦਸਿਆ ਜਾਂਦਾ ਹੈ ਕਿ ਇਕੱਲੀਆਂ ਗਰਭਵਤੀ ਔਰਤਾਂ ਨੂੰ ਨੌਕਰੀਆਂ ਤੋਂ ਕੱਢ ਵੀ ਦਿਤਾ ਜਾਂਦਾ ਹੈ। ਇਹ ਔਰਤਾਂ ਕਾਨੂੰਨੀ ਤੌਰ ’ਤੇ ਸੁਰੱਖਿਅਤ ਨਹੀਂ ਹਨ। ਨਿਊਯਾਰਕ ਟਾਈਮਜ਼ ਦੇ ਹਵਾਲੇ ਤੋਂ 46 ਸਾਲਾ ਸਿੰਗਲ ਪੇਰੈਂਟ ਸਾਰਾ ਗਾਓ ਨੇ ਕਿਹਾ ਕਿ ਅਣਵਿਆਹੇ ਹੁੰਦੇ ਹੋਏ ਮਾਂ ਬਣਨਾ ਸਮਾਜ ਨਾਲ ਲੜਾਈ ਲੜਨ ਵਰਗਾ ਹੈ। ਗਾਓ ਦਸਦੀ ਹੈ ਕਿ ਜਦੋਂ ਉਹ ਗਰਭਵਤੀ ਹੋ ਗਈ ਤਾਂ ਉਸ ਨੂੰ ਡਾਕਟਰਾਂ ਨਾਲ ਝੂਠ ਬੋਲਣਾ ਪਿਆ ਕਿ ਉਸ ਦਾ ਪਤੀ ਵਿਦੇਸ਼ ’ਚ ਦਾਖ਼ਲ ਹੋਣ ਲਈ ਗਿਆ ਹੈ। 2016 ’ਚ ਇਕ ਧੀ ਨੂੰ ਜਨਮ ਦੇਣ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਕੱਢ ਦਿਤਾ ਗਿਆ ਸੀ। ਇਸ ਵਿਰੁਧ ਗਾਓ ਨੇ ਕੰਪਨੀ ’ਤੇ ਭੇਦਭਾਵ ਦਾ ਮੁਕੱਦਮਾ ਕੀਤਾ ਸੀ।